ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਸੁਰੱਖਿਆ ਬਲਾਂ ਨੇ ਸੂਬਾ ਬਲੋਚਿਸਤਾਨ ਦੇ ਵੱਖ-ਵੱਖ ਖੇਤਰਾਂ 'ਚ ਖ਼ੁਫ਼ੀਆ ਆਧਾਰਿਤ ਕਾਰਵਾਈਆਂ ਦੌਰਾਨ 17 ਭਾਰਤ ਸਮਰਥਿਤ 'ਫ਼ਿਤਨਾ ਅਲ ਹਿੰਦੁਸਤਾਨ' ਅੱਤਵਾਦੀਆਂ ਨੂੰ ਮਾਰ ਦਿੱਤਾ | ਫ਼ੌਜ ਦੇ ਮੀਡੀਆ ਵਿੰਗ ਨੇ ਕਿਹਾ ਕਿ ਕੋਇਟਾ ਦੇ ਚਮਨ ਫਾਟਕ 'ਤੇ ਹੋਏ ਆਤਮਘਾਤੀ ਬੰਬ ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਸੂਬੇ ਦੇ ਮਸਤੁੰਗ, ਨੁਸ਼ਕੀ, ਜ਼ੇਹਰੀ, ਖੁਜ਼ਦਾਰ ਅਤੇ ਕੇਚ ਜ਼ਿਲਿ੍ਹਆਂ 'ਚ ਖ਼ੁਫ਼ੀਆ ਆਧਾਰਿਤ ਕਾਰਵਾਈਆਂ ਦੀ ਇਕ ਲੜੀ ਚਲਾਈ | ਇਨ੍ਹਾਂ ਕਾਰਵਾਈਆਂ ਦੇ ਸੰਚਾਲਨ ਦੌਰਾਨ ਪਾਕਿਸਤਾਨੀ ਸੈਨਿਕਾਂ ਨੇ ਕਈ ਅੱਤਵਾਦੀ ਟਿਕਾਣਿਆਂ 'ਤੇ ਹਮਲੇ ਕੀਤੇ | ਤੇਜ਼ ਤੇ ਭਿਆਨਕ ਗੋਲੀਬਾਰੀ ਤੋਂ ਬਾਅਦ 17 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ | ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰ, ਗੋਲਾ ਬਾਰੂਦ, ਵਿਸਫੋਟਕਾਂ ਦਾ ਵੱਡਾ ਭੰਡਾਰ ਅਤੇ ਤਿਆਰ ਕੀਤੇ ਗਏ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ ਵੀ ਬਰਾਮਦ ਕੀਤੇ ਗਏ ਹਨ | ਆਈ. ਐੱਸ. ਪੀ. ਆਰ. ਅਨੁਸਾਰ ਉਕਤ ਇਲਾਕਿਆਂ 'ਚ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਸੈਨੀਟਾਈਜ਼ੇਸ਼ਨ ਆਪ੍ਰੇਸ਼ਨ ਜਾਰੀ ਹਨ |