06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਅਨੰਦਪੁਰ ਸਾਹਿਬ ਮਾਮਲਾ: ਵਿਰਸਾ ਸਿੰਘ ਵਲਟੋਹਾ ਤੋਂ ਢਾਈ ਘੰਟੇ, ਸਰਬਜੀਤ ਸਿੰਘ ਝਿੰਜਰ ਤੋਂ ਸਾਢੇ ਪੰਜ ਘੰਟੇ ਪੁਲਿਸ ਨੇ ਕੀਤੀ ਪੁੱਛਗਿੱਛ

ਚੰਡੀਗੜ੍ਹ, 6 ਨਵੰਬਰ (ਕਪਿਲ ਵਧਵਾ)-ਸ੍ਰੀ ਅਨੰਦਪੁਰ ਸਾਹਿਬ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਵਿਰਸਾ ਸਿੰਘ ਵਲਟੋਹਾ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪੇਸ਼ ਹੋਏ। ਦੋਵਾਂ ਆਗੂਆਂ ਤੋਂ ਪੁਲਿਸ ਅਧਿਕਾਰੀਆਂ ਵਲੋਂ ਕਈ ਘੰਟਿਆਂ ਤੱਕ ਪੁੱਛਗਿੱਛ ...

ਅਜੀਤ ਡੈਸਕ 06-11-2026

ਮਹਿਲਾ ਨਾਲ ਜਾਣ-ਪਛਾਣ ਅਤੇ ਉਸ ਦੇ ਠਹਿਰਨ ਦੇ ਪ੍ਰਬੰਧਾਂ ਬਾਰੇ ਕੀਤੇ ਗਏ ਸਵਾਲ

ਚੰਡੀਗੜ੍ਹ, 6 ਨਵੰਬਰ (ਕਪਿਲ ਵਧਵਾ)-ਸ੍ਰੀ ਅਨੰਦਪੁਰ ਸਾਹਿਬ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਵਿਰਸਾ ਸਿੰਘ ਵਲਟੋਹਾ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪੇਸ਼ ਹੋਏ। ਦੋਵਾਂ ਆਗੂਆਂ ਤੋਂ ਪੁਲਿਸ ਅਧਿਕਾਰੀਆਂ ਵਲੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਸੂਤਰਾਂ ਅਨੁਸਾਰ ਸਰਬਜੀਤ ਸਿੰਘ ਝਿੰਜਰ ਤੋਂ ਕਰੀਬ ਸਾਢੇ ਪੰਜ ਘੰਟੇ ਜਦਕਿ ਵਿਰਸਾ ਸਿੰਘ ਵਲਟੋਹਾ ਤੋਂ ਢਾਈ ਘੰਟੇ ਸਵਾਲ-ਜਵਾਬ ਕੀਤੇ ਗਏ।

ਦੋਵੇਂ ਆਗੂ ਆਪਣੀ ਕਾਨੂੰਨੀ ਟੀਮ ਸਮੇਤ ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੰਜਾਬ ਪੁਲਿਸ ਆਫਿਸਰਜ਼ ਇੰਸਟੀਚਿਊਟ ਵਿਖੇ ਪਹੁੰਚੇ, ਜਿੱਥੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਮੁਖੀ ਅਤੇ ਸੀਨੀਅਰ ਵਕੀਲ ਅਮਰਦੀਪ ਸਿੰਘ ਧਾਰਨੀ, ਸੀਨੀਅਰ ਵਕੀਲ ਐੱਚ.ਐੱਸ. ਧਨੋਆ ਅਤੇ ਸਹਿ-ਵਕੀਲ ਸੁਰਖਾਬ ਸਿੰਘ ਵੀ ਮੌਜੂਦ ਸਨ। ਪੁੱਛਗਿੱਛ ਦੌਰਾਨ ਦੋਵਾਂ ਆਗੂਆਂ ਦੇ ਕਾਨੂੰਨੀ ਪ੍ਰਤੀਨਿਧੀ ਵੀ ਅੰਦਰ ਹਾਜ਼ਰ ਰਹੇ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿਚ ਐੱਸ.ਐੱਸ.ਪੀ ਵਿਜੀਲੈਂਸ ਸਿਮਰਨਜੀਤ ਸਿੰਘ ਲੰਗ, ਐੱਸ.ਐੱਸ.ਪੀ ਫਿਰੋਜ਼ਪੁਰ ਗੁਰਬੰਸ ਸਿੰਘ ਬੈਂਸ ਅਤੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਸ਼ਾਮਲ ਹਨ। ਹਾਲਾਂਕਿ ਸੂਤਰਾਂ ਅਨੁਸਾਰ ਅੱਜ ਦੀ ਪੁੱਛਗਿੱਛ ਦੌਰਾਨ ਡੀ.ਐੱਸ.ਪੀ ਕਰਨ ਸਿੰਘ ਸੰਧੂ ਮੌਜੂਦ ਨਹੀਂ ਸਨ ਅਤੇ ਬਾਕੀ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ।

ਜਾਣਕਾਰੀ ਮੁਤਾਬਕ ਸਰਬਜੀਤ ਸਿੰਘ ਝਿੰਜਰ ਨੂੰ ਸਵੇਰੇ 11:00 ਵਜੇ ਗਵਾਹ ਵਜੋਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ, ਜਦਕਿ ਵਿਰਸਾ ਸਿੰਘ ਵਲਟੋਹਾ ਨੂੰ ਦੁਪਹਿਰ 2:00 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਦੋਵੇਂ ਆਗੂ ਨਿਰਧਾਰਤ ਸਮੇਂ ਅਨੁਸਾਰ ਜਾਂਚ ਟੀਮ ਸਾਹਮਣੇ ਪੇਸ਼ ਹੋਏ।

ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਜਾਂਚ ਟੀਮ ਵਲੋਂ ਦੋਵਾਂ ਆਗੂਆਂ ਤੋਂ ਸ਼ਿਕਾਇਤਕਰਤਾ ਮਹਿਲਾ ਨਾਲ ਉਨ੍ਹਾਂ ਦੀ ਜਾਣ-ਪਛਾਣ, ਉਸ ਨਾਲ ਸੰਪਰਕ ਅਤੇ ਉਸ ਦੇ ਠਹਿਰਨ ਲਈ ਕੀਤੇ ਗਏ ਪ੍ਰਬੰਧਾਂ ਸਬੰਧੀ ਸਵਾਲ ਪੁੱਛੇ ਗਏ। ਇਸ ਮਾਮਲੇ ਵਿਚ ਪਹਿਲਾਂ ਵੀ ਪੁਲਿਸ ਵਲੋਂ ਦੋਵਾਂ ਆਗੂਆਂ ਨੂੰ ਪੇਸ਼ ਹੋਣ ਲਈ ਕਈ ਵਾਰ ਸੰਮਨ ਭੇਜੇ ਜਾ ਚੁੱਕੇ ਸਨ।

ਕਈ ਘੰਟਿਆਂ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਦੋਵੇਂ ਆਗੂ ਆਪਣੀ ਕਾਨੂੰਨੀ ਟੀਮ ਸਮੇਤ ਸ਼ਾਮ ਕਰੀਬ 4:30 ਵਜੇ ਪੁਲਿਸ ਇੰਸਟੀਚਿਊਟ ਤੋਂ ਰਵਾਨਾ ਹੋ ਗਏ।

 

ਪਿਛਲੀ ਖ਼ਬਰ ਗੁਰਵਿੰਦਰ ਸਿੰਘ ਤਰੱਕੀ ਉਪਰੰਤ ਬਣੇ ਹੈੱਡ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ ਨਿਧਾਨਾ ਵਿਖੇ ਸੰਭਾਲਿਆ ਅਹੁਦੇ ਦਾ ਚਾਰਜ ਅਗਲੀ ਖ਼ਬਰ CBSE ਵਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 17 ਫਰਵਰੀ ਤੋਂ ਸ਼ੁਰੂ ਹੋਣਗੇ ਇਮਤਿਹਾਨ