ਸ਼ਮੀ ਨੇ ਆਪਣੇ ਸੰਦੇਸ਼ ਵਿਚ ਲਿਖਿਆ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਭਾਰਤ ਦੀ ਟੈਸਟ ਜਰਸੀ ਪਹਿਨੀ ਸੀ ਤਾਂ ਉਨ੍ਹਾਂ ਦਾ ਸੁਪਨਾ ਦੇਸ਼ ਲਈ ਕੁਝ ਖ਼ਾਸ ਕਰਨ ਦਾ ਸੀ। ਇਸ ਲੰਮੇ ਸਫ਼ਰ ਦੌਰਾਨ ਮਿਲੀਆਂ ਪ੍ਰਾਪਤੀਆਂ, ਸੰਘਰਸ਼ਾਂ, ਸੱਟਾਂ ਅਤੇ ਮੈਦਾਨ ’ਤੇ ਕੀਤੀ ਵਾਪਸੀ ਨੇ ਉਨ੍ਹਾਂ ਨੂੰ ਜ਼ਿੰਦਗੀ ਦੇ ਕਈ ਅਹਿਮ ਸਬਕ ਸਿਖਾਏ।
ਉਨ੍ਹਾਂ ਕਿਹਾ ਕਿ ਟੈਸਟ ਕ੍ਰਿਕਟ ਉਨ੍ਹਾਂ ਦੀ ਜ਼ਿੰਦਗੀ ਦਾ ਬੇਹੱਦ ਖ਼ਾਸ ਹਿੱਸਾ ਰਹੀ ਹੈ। ਸ਼ਮੀ ਨੇ ਆਪਣੇ ਸਾਥੀ ਖਿਡਾਰੀਆਂ, ਕੋਚਾਂ, ਪਰਿਵਾਰ ਅਤੇ ਕਰੋੜਾਂ ਭਾਰਤੀ ਕ੍ਰਿਕਟ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੀ.ਸੀ.ਸੀ.ਆਈ. ਅਤੇ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ (ਸੀ.ਏ.ਬੀ) ਦਾ ਵੀ ਉਨ੍ਹਾਂ ’ਤੇ ਭਰੋਸਾ ਜਤਾਉਣ ਅਤੇ ਮੌਕੇ ਦੇਣ ਲਈ ਧੰਨਵਾਦ ਕੀਤਾ।
ਸ਼ਮੀ ਨੇ ਭਾਵੁਕ ਅੰਦਾਜ਼ ਵਿਚ ਕਿਹਾ ਕਿ ਭਾਵੇਂ ਮੈਦਾਨ ’ਤੇ ਉਨ੍ਹਾਂ ਦੀ ਆਖਰੀ ਟੈਸਟ ਗੇਂਦ ਸੁੱਟੀ ਜਾ ਚੁੱਕੀ ਹੋਵੇ, ਪਰ ਭਾਰਤ ਹਮੇਸ਼ਾ ਉਨ੍ਹਾਂ ਦੇ ਦਿਲ ਵਿਚ ਜ਼ਿੰਦਾ ਰਹੇਗਾ।