06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਡੇਗੀ ਜਾ ਸਕਦੀ ਪਾਕਿਸਤਾਨੀਆਂ ਦੁਆਰਾ ਜਪਾਨੀ ਸ਼ਹਿਰ ਕਾਵਾਗੋਏ 'ਚ ਬਣਾਈ ਮਸਜਿਦ <br/>

ਅਜੀਤ ਡੈਸਕ 04-06-2026

ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਜਾਪਾਨ ਦੇ ਕਾਵਾਗੋਏ ਸ਼ਹਿਰ 'ਚ ਬਣੀ ਇਕ ਮਸਜਿਦ ਪਾਕਿਸਤਾਨ ਅਤੇ ਪਾਕਿਸਤਾਨੀ ਭਾਈਚਾਰੇ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਈ ਹੈ | ਇਸ ਸਾਲ ਅਪ੍ਰੈਲ 'ਚ ਪਾਕਿਸਤਾਨੀ ਰਾਜਦੂਤ ਅਬਦੁਲ ਹਾਮਿਦ ਦੀ ਮੌਜੂਦਗੀ 'ਚ ਮਸਜਿਦ ਦਾ ਉਦਘਾਟਨ ਕੀਤਾ ਗਿਆ ਸੀ, ਪਰ ਹੁਣ ਇਸ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ | ਜਾਪਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਸਜਿਦ ਗੈਰ-ਕਾਨੂੰਨੀ ਤੌਰ 'ਤੇ ਅਤੇ ਜ਼ਰੂਰੀ ਪਰਮਿਟਾਂ ਤੋਂ ਬਿਨਾਂ ਬਣਾਈ ਗਈ ਹੈ | ਇਕ ਅਧਿਕਾਰਤ ਬਿਆਨ 'ਚ ਕਾਵਾਗੋਏ ਸਿਟੀ ਹਾਲ ਨੇ ਕਿਹਾ ਕਿ ਮਸਜਿਦ ਸ਼ਹਿਰੀ ਵਿਕਾਸ ਨਿਯੰਤਰਨ ਜ਼ੋਨ 'ਚ ਬਣਾਈ ਗਈ ਹੈ, ਜਿੱਥੇ ਉਦੋਂ ਤੱਕ ਉਸਾਰੀ ਸੰਭਵ ਨਹੀਂ ਹੈ ਜਦੋਂ ਤੱਕ ਟਾਊਨ ਪਲਾਨਿੰਗ ਐਕਟ ਦੇ ਤਹਿਤ ਵਿਸ਼ੇਸ਼ ਇਜਾਜ਼ਤਾਂ ਪ੍ਰਾਪਤ ਨਹੀਂ ਕੀਤੀਆਂ ਜਾਂਦੀਆਂ | ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਮਸਜਿਦ ਸਿਟੀ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਬਣਾਈ ਗਈ ਹੈ | ਸਿਟੀ ਹਾਲ ਨੇ ਕਿਹਾ ਕਿ ਸੰਬੰਧਿਤ ਧਿਰਾਂ ਤੋਂ ਮਸਜਿਦ ਨੂੰ ਢਾਹੁਣ ਦੀਆਂ ਬੇਨਤੀਆਂ ਪ੍ਰਾਪਤ ਹੋਈਆਂ ਹਨ ਅਤੇ ਪ੍ਰਸਤਾਵ ਨੂੰ ਸਮੀਖਿਆ ਲਈ ਸਵੀਕਾਰ ਕਰ ਲਿਆ ਗਿਆ ਹੈ | ਮਸਜਿਦ ਦੀ ਉਸਾਰੀ ਬਾਰੇ ਵਿਵਾਦ ਵਧਣ ਤੋਂ ਬਾਅਦ ਪਾਕਿਸਤਾਨੀ ਦੂਤਾਵਾਸ ਨੇ ਮਸਜਿਦ ਪ੍ਰਾਜੈਕਟ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ | ਦੂਤਾਵਾਸ ਨੇ ਕਿਹਾ ਕਿ ਰਾਜਦੂਤ ਅਬਦੁਲ ਹਾਮਿਦ ਨੇ 3 ਅਪ੍ਰੈਲ ਨੂੰ ਮਸਜਿਦ ਦੇ ਉਦਘਾਟਨ 'ਚ ਸ਼ਿਰਕਤ ਕੀਤੀ ਸੀ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਜਾਪਾਨੀ ਕਾਨੂੰਨ ਅਧੀਨ ਸਾਰੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਗਈਆਂ ਹਨ |

ਪਿਛਲੀ ਖ਼ਬਰ ਵਿਦੇਸ਼ ਮੰਤਰਾਲਾ ਵਿਦੇਸ਼ੀ ਦੂਤਘਰਾਂ ਦੇ ਸੰਪਰਕ 'ਚ-ਜੈਸ਼ੰਕਰ ਅਗਲੀ ਖ਼ਬਰ ਜੂਨ '84 ਘੱਲੂਘਾਰਾ : ਦਲ ਖ਼ਾਲਸਾ ਵਲੋਂ ਸ੍ਰੀ ਦਰਬਾਰ ਸਾਹਿਬ ਤੱਕ 'ਘੱਲੂਘਾਰਾ ਯਾਦਗਾਰੀ ਮਾਰਚ' ਕੱਲ੍ਹ-ਕੰਵਰਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।