ਨਵੀਂ ਦਿੱਲੀ, 3 ਜੂਨ (ਪੀ. ਟੀ. ਆਈ.)-ਦਿੱਲੀ ਦੇ ਮਾਲਵੀਆ ਨਗਰ ਵਿਚ ਲੱਗੀ ਭਿਆਨਕ ਅੱਗ ਵਿਚ 21 ਲੋਕਾਂ ਦੀ ਜਾਨ ਚਲੀ ਗਈ ਹੈ | ਇਸ ਦੁਖਾਂਤ ਵਿਚ ਮਰਨ ਵਾਲਿਆਂ ਵਿਚ 18 ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ | ਇਹ ਜਾਣਕਾਰੀ ਮਾਮਲੇ ਤੋਂ ਜਾਣੂ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ | ਪੀੜਤ ਨਾਈਜੀਰੀਆ, ਮੋਜ਼ਾਮਬੀਕ, ਬੰਗਲਾਦੇਸ਼, ਸੋਮਾਲੀਆ ਅਤੇ ਅਫਗਾਨਿਸਤਾਨ ਤੋਂ ਹੋਣ ਦੀ ਖ਼ਬਰ ਹੈ | ਵਿਦੇਸ਼ ਮੰਤਰਾਲੇ ਨੇ ਹੁਣ ਇਸ ਘਟਨਾ ਬਾਰੇ ਇਕ ਬਿਆਨ ਜਾਰੀ ਕੀਤਾ ਹੈ | ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੈਂ ਨਵੀਂ ਦਿੱਲੀ ਦੇ ਮਾਲਵੀਆ ਨਗਰ ਵਿਚ ਹੋਈ ਭਿਆਨਕ ਅੱਗ ਦੀ ਘਟਨਾ ਵਿਚ ਹੋਏ ਜਾਨ-ਮਾਲ ਦੇ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹਾਂ, ਜਿਸ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ | ਮੈਂ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ | ਵਿਦੇਸ਼ ਮੰਤਰਾਲਾ ਸੰਬੰਧਿਤ ਦੇਸ਼ਾਂ ਦੇ ਦੂਤਾਵਾਸਾਂ ਦੇ ਸੰਪਰਕ ਵਿਚ ਹੈ ਅਤੇ ਹਰ ਸੰਭਵ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ |