21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਨੂੰ ਫਿਨਲੈਂਡ ਲਈ ਕੀਤਾ ਰਵਾਨਾ <br/>

ਅਜੀਤ ਡੈਸਕ 17-05-2026

ਚੰਡੀਗੜ੍ਹ, 16 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 'ਸਿੱਖਿਆ ਕ੍ਰਾਂਤੀ' ਨੂੰ ਵੱਡਾ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸਿਖਲਾਈ ਹਾਸਿਲ ਕਰਨ ਲਈ ਫਿਨਲੈਂਡ ਜਾ ਰਹੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦੇ ਬੈਚ ਨੂੰ ਰਵਾਨਾ ਕੀਤਾ ਗਿਆ | ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਸਿਖਲਾਈ ਦੇਣ, ਆਧੁਨਿਕ ਕਲਾਸ-ਰੂਮਾਂ ਅਤੇ ਵਿੱਦਿਅਕ ਸੁਧਾਰਾਂ ਨਾਲ ਪੰਜਾਬ ਦੇ ਸਿੱਖਿਆ ਖੇਤਰ 'ਚ ਵੱਡਾ ਬਦਲਾਅ ਆਇਆ ਹੈ, ਜਿਸ ਨਾਲ ਸਿੱਖਿਆ ਖੇਤਰ 'ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀਆਂ ਕਲਾਸ-ਰੂਮਾਂ ਦੇ ਅੰਦਰ ਇਨਕਲਾਬੀ ਤਬਦੀਲੀਆਂ ਲਿਆਉਣ 'ਚ ਮਦਦਗਾਰ ਸਾਬਿਤ ਹੋ ਰਹੀਆਂ ਹਨ | ਰਵਾਨਗੀ ਤੋਂ ਪਹਿਲਾਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੁੱਲ 72 ਸਰਕਾਰੀ ਸਕੂਲ ਅਧਿਆਪਕਾਂ ਨੂੰ ਫਿਨਲੈਂਡ ਦੀ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਆਫ਼ ਤੂਰਕੂ ਵਿਖੇ ਸਰਬੋਤਮ ਸਿੱਖਿਆ ਟ੍ਰੇਨਿੰਗ ਦੇਣ ਲਈ ਚੁਣਿਆ ਗਿਆ ਹੈ | ਇਹ ਅਧਿਆਪਕ 29 ਮਈ ਤੱਕ ਆਧੁਨਿਕ ਸਿੱਖਿਆ ਵਿਧੀਆਂ, ਨਵੀਨਤਾਕਾਰੀ ਕਲਾਸ-ਰੂਮ ਅਭਿਆਸਾਂ, ਵਿਦਿਆਰਥੀ-ਕੇਂਦਰਿਤ ਸਿਖਲਾਈ ਮਾਡਲਾਂ ਅਤੇ ਵਿਸ਼ਵ ਪੱਧਰ 'ਤੇ ਸਥਾਪਿਤ ਸਿੱਖਿਆ ਪ੍ਰਣਾਲੀਆਂ ਦਾ ਡੂੰਘਾ ਅਨੁਭਵ ਪ੍ਰਾਪਤ ਕਰਨਗੇ | ਇਹ ਪਹਿਲਕਦਮੀ ਪੰਜਾਬ ਦੇ ਸਿੱਖਿਆ ਸੁਧਾਰ ਪ੍ਰੋਗਰਾਮ 'ਚ ਇਕ ਹੋਰ ਵੱਡਾ ਮੀਲ ਪੱਥਰ ਹੈ, ਜੋ ਕਿ ਦੇਸ਼ 'ਚ ਸਭ ਤੋਂ ਵੱਡੇ ਬਦਲਾਅ ਵਜੋਂ ਉਭਰਿਆ ਹੈ | ਉਨ੍ਹਾਂ ਅਧਿਆਪਕਾਂ ਨੂੰ ਸੱਚੇ ਰਾਸ਼ਟਰ ਨਿਰਮਾਤਾ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਬੁਨਿਆਦੀ ਢਾਂਚੇ 'ਚ ਨਿਵੇਸ਼ ਨਹੀਂ ਕਰ ਰਹੀ, ਸਗੋਂ ਬੁਨਿਆਦੀ ਪੱਧਰ ਤੋਂ ਵਿੱਦਿਅਕ ਮਾਹੌਲ ਦਾ ਪੁਨਰ ਨਿਰਮਾਣ ਕਰ ਰਹੀ ਹੈ | ਪੰਜਾਬ ਦੇ ਸਿੱਖਿਆ ਸੁਧਾਰ ਹੁਣ ਨੀਤੀਗਤ ਐਲਾਨਾਂ ਤੱਕ ਸੀਮਿਤ ਨਹੀਂ ਹਨ, ਸਗੋਂ ਹੁਣ ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਨਤੀਜੇ ਪੈਦਾ ਕਰ ਰਹੇ ਹਨ | ਉਨ੍ਹਾਂ ਨੀਤੀ ਆਯੋਗ ਵਲੋਂ ਜਾਰੀ ਕੀਤੇ ਗਏ ਨਵੀਨਤਮ ਵਿੱਦਿਅਕ ਸੂਚਕਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਨੇ ਸਕੂਲ ਸਿੱਖਿਆ ਨਾਲ ਸੰਬੰਧਤ ਕਈ ਮਾਪਦੰਡਾਂ 'ਚ ਕੇਰਲ, ਮਹਾਰਾਸ਼ਟਰ ਅਤੇ ਹਰਿਆਣਾ ਸਮੇਤ ਰਵਾਇਤੀ ਤੌਰ 'ਤੇ ਮਜ਼ਬੂਤ ਵਿੱਦਿਅਕ ਸੂਬਿਆਂ ਨੂੰ ਪਛਾੜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਆਪਣੇ ਦੌਰੇ ਦੌਰਾਨ ਅਧਿਆਪਕ ਫਿਨਲੈਂਡ ਦੀ ਵਿਸ਼ਵ ਪੱਧਰ 'ਤੇ ਮਸ਼ਹੂਰ ਸਿੱਖਿਆ ਵਿਵਸਥਾ ਦਾ ਨੇੜਿਉਂ ਅਧਿਐਨ ਕਰਨਗੇ, ਜੋ ਕਿ ਸੰਕਲਪਿਕ ਸਿੱਖਿਆ, ਆਲੋਚਨਾਤਮਿਕ ਸੋਚ, ਵਿਦਿਆਰਥੀਆਂ ਦੀ ਭਾਵਨਾਤਮਕ ਭਲਾਈ ਅਤੇ ਘੱਟੋ-ਘੱਟ ਰੱਟੇ ਨਾਲ ਯਾਦ ਰੱਖਣ 'ਤੇ ਜ਼ੋਰ ਦੇਣ ਲਈ ਜਾਣੀ ਜਾਂਦੀ ਹੈ | ਉਨ੍ਹਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਨੇ ਨਿੱਜੀ ਤੌਰ 'ਤੇ ਜ਼ਮੀਨੀ ਪੱਧਰ ਉੱਤੇ ਸੁਧਾਰਾਂ ਦੀ ਅਗਵਾਈ ਕੀਤੀ ਹੈ | ਪੰਜਾਬ ਦੇ ਹਾਲ ਹੀ 'ਚ ਆਏ 12ਵੀਂ ਜਮਾਤ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਤੀਜੇ ਪੰਜਾਬ 'ਚ ਬਦਲਦੇ ਵਿੱਦਿਅਕ ਦਿ੍ਸ਼ਟੀਕੋਣ ਦੇ ਸਭ ਤੋਂ ਮਜ਼ਬੂਤ ਸੰਕੇਤਾਂ 'ਚੋਂ ਇਕ ਹਨ | ਇਸੇ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਧਿਆਪਕਾਂ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧ ਸੰਸਥਾਵਾਂ ਅਤੇ ਉੱਤਮ ਕੇਂਦਰਾਂ 'ਚ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਲਈ ਭੇਜਿਆ ਜਾਂਦਾ ਰਹੇਗਾ, ਜਿਸ 'ਚ ਸਿੰਗਾਪੁਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅਹਿਮਦਾਬਾਦ ਦੀਆਂ ਸੰਸਥਾਵਾਂ ਵੀ ਸ਼ਾਮਿਲ ਹਨ | ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਸੋਨਾਲੀ ਗਿਰਿ, ਡਾਇਰੈਕਟਰ ਐਸ.ਸੀ.ਆਰ.ਟੀ. ਕਿਰਨ ਸ਼ਰਮਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਫਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਇੰਚਾਰਜ ਆਸ਼ੂ ਬੰਗੜ 'ਤੇ ਹੋਇਆ ਹਮਲਾ ਅਗਲੀ ਖ਼ਬਰ ਬੋਰਵੈੱਲ 'ਚ ਡਿੱਗੇ ਗੁਰਕਰਨ ਸਿੰਘ ਨੂੰ 9 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਸੁਰੱਖਿਅਤ ਕੱਢਿਆ ਬਾਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।