21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮੁੱਖ ਮੰਤਰੀ ਵਲੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਬਣੇ 1.26 ਕਰੋੜ ਕਾਰਡਾਂ ਦੀ ਵੰਡ ਦੀ ਸ਼ੁਰੂਆਤ

ਐੱਸ. ਏ.

ਅਜੀਤ ਡੈਸਕ 21-09-2026
ਐੱਸ. ਏ. ਐਸ. ਨਗਰ, 20 ਸਤੰਬਰ (ਪ੍ਰੋ. ਅਵਤਾਰ ਸਿੰਘ)-ਇਕ ਗੰਭੀਰ ਬਿਮਾਰੀ ਸਾਧਾਰਨ ਪਰਿਵਾਰ ਨੂੰ ਵਿੱਤੀ ਬੇਯਕੀਨੀ ਵੱਲ ਧੱਕ ਸਕਦੀ ਹੈ, ਪਰ ਪੰਜਾਬ ਵਿਚ ਹੁਣ ਲੱਖਾਂ ਘਰਾਂ ਤੱਕ 10 ਲੱਖ ਰੁ. ਦੀ ਸਿਹਤ ਸੁਰੱਖਿਆ ਯੋਜਨਾ ਪਹੁੰਚ ਚੁੱਕੀ ਹੈ। ਮੁਹਾਲੀ ਵਿਚ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਕਾਰਡ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕਿਵੇਂ 1.26 ਕਰੋੜ ਸਿਹਤ ਕਾਰਡਾਂ ਨੇ 54 ਲੱਖ ਪਰਿਵਾਰਾਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਕੀਤੀ ਹੈ, ਜਿਸ ਤਹਿਤ ਹੁਣ ਤੱਕ 7 ਲੱਖ ਤੋਂ ਵੱਧ ਮਰੀਜ਼ਾਂ ਦੇ ਇਲਾਜ ’ਤੇ 1,310 ਕਰੋੜ ਰੁ. ਖਰਚ ਕੀਤੇ ਜਾ ਚੁੱਕੇ ਹਨ । ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਵੰਡ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਕੀਮ ਲਾਭਪਾਤਰੀਆਂ ਤੋਂ ਇਕ ਵੀ ਪੈਸਾ ਲਏ ਬਿਨਾਂ 10 ਲੱਖ ਰੁ. ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਉਂਦੀ ਹੈ । ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਇਲਾਜ ਮੁਹੱਈਆ ਕਰਵਾਉਣਾ ਹੀ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਪਰਿਵਾਰ ਬਿਮਾਰੀ ਕਾਰਨ ਕਰਜ਼ੇ ਜਾਂ ਵਿੱਤੀ ਸੰਕਟ ਵਿਚ ਨਾ ਫਸੇ । ਭਗਵੰਤ ਮਾਨ ਨੇ ਕਿਹਾ ਕਿ ਇਹ ਤਬਦੀਲੀ ਸਿਰਫ਼ ਸਿਹਤ ਸੰਭਾਲ ਤੱਕ ਹੀ ਸੀਮਤ ਨਹੀਂ ਹੈ । ਰੰਗਲੇ ਪੰਜਾਬ ਦੇ ਰੰਗ ਵੱਖ-ਵੱਖ ਖੇਤਰਾਂ ’ਚ ਨਜ਼ਰ ਆਉਣ ਲੱਗ ਪਏ ਹਨ । ਵੱਖ-ਵੱਖ ਸਰਕਾਰੀ ਉਪਰਾਲਿਆਂ ਰਾਹੀਂ ਦਿੱਤੀ ਜਾ ਰਹੀ ਵਿੱਤੀ ਰਾਹਤ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ‘ਮਾਵਾਂ-ਧੀਆਂ ਸਤਿਕਾਰ ਯੋਜਨਾ, ਮੁਫ਼ਤ ਬੱਸ ਸਫਰ ਸਕੀਮ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਯਮਤ ਕਰਨਾ, ਮੇਰੀ ਰਸੋਈ ਸਕੀਮ, ਮੁੱਖ ਮੰਤਰੀ ਸਿਹਤ ਯੋਜਨਾ ਅਤੇ ਹੋਰ ਅਜਿਹੀਆਂ ਸਕੀਮਾਂ ਸਮੂਹਿਕ ਤੌਰ ‘ਤੇ ਪਰਿਵਾਰਾਂ ਨੂੰ ਵੱਡੀ ਬੱਚਤ ਅਤੇ ਲਾਭ ਪ੍ਰਦਾਨ ਕਰ ਰਹੀਆਂ ਹਨ । ਸਾਡੇ ਹਿਸਾਬ ਅਨੁਸਾਰ ਹਰ ਪਰਿਵਾਰ ਨੂੰ ਸਾਲਾਨਾ ਲਗਭਗ 1.82 ਲੱਖ ਰੁ. ਦਾ ਫਾਇਦਾ ਹੋ ਰਿਹਾ ਹੈ, ਜਦਕਿ ਕੁਝ ਪਰਿਵਾਰਾਂ ਲਈ ਇਹ ਕੁੱਲ ਲਾਭ 2.72 ਲੱਖ ਰੁ. ਤੱਕ ਹੈ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਜ਼ਰੂਰੀ ਸੇਵਾਵਾਂ ’ਤੇ ਖਰਚਾ ਘਟਾ ਕੇ ਆਮ ਆਦਮੀ ਦੇ ਹੱਥਾਂ ’ਚ ਪੈਸਾ ਵਾਪਸ ਲਿਆਉਣਾ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਤਿੰਨ ਮਹੀਨਿਆਂ ਦੀ ਕਿਸ਼ਤ 1 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇਕ ਅਜਿਹਾ ਪੰਜਾਬ ਬਣਾਉਣਾ ਚਾਹੁੰਦੇ ਹਾਂ, ਜਿਥੇ ਹਰ ਪਰਿਵਾਰ ਸੁਰੱਖਿਅਤ ਮਹਿਸੂਸ ਕਰੇ ਅਤੇ ਹਰ ਨੌਜਵਾਨ ਨੂੰ ਅੱਗੇ ਵਧਣ ਦਾ ਮੌਕਾ ਮਿਲੇ। ਅੱਜ, 1.26 ਕਰੋੜ ਤੋਂ ਵੱਧ ਸਿਹਤ ਬੀਮਾ ਕਾਰਡਾਂ ਦੀ ਵੰਡ ਸ਼ੁਰੂ ਕੀਤੀ ਗਈ ਹੈ, ਜੋ 54 ਲੱਖ ਪਰਿਵਾਰਾਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ । ਇਸ ਸਕੀਮ ਤਹਿਤ ਹੁਣ ਤੱਕ 7 ਲੱਖ ਤੋਂ ਵੱਧ ਮਰੀਜ਼ਾਂ ਦੇ ਇਲਾਜ ’ਤੇ 1,310 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਸਿਹਤ ਯੋਜਨਾ ਦੇ ਅਗਲੇ ਪੜਾਅ ਤਹਿਤ ਪੰਜਾਬ ਭਰ ਦੇ ਯੋਗ ਪਰਿਵਾਰਾਂ ਤੱਕ ਸਿਹਤ ਕਾਰਡ ਸਿੱਧੇ ਪਹੁੰਚਾਏ ਜਾਣਗੇ, ਜਿਸ ਤਹਿਤ 1,800 ਤੋਂ ਵੱਧ ਪਿੰਡਾਂ ਵਿਚ ਕੈਂਪ ਲਾ ਕੇ ਵੰਡ ਕੀਤੀ ਜਾਵੇਗੀ। ਇਸ ਮੌਕੇ ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ, ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਪ੍ਰਭਜੋਤ ਕੌਰ ਚੇਅਰਪਰਸਨ ਜਿਲਾ ਯੋਜਨਾ ਕਮੇਟੀ, ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਅਨੁਰਾਗ ਕੁੰਡੂ ਮੈਂਬਰ ਪੰਜਾਬ ਡਿਵੈਲਪਮੈਂਟ ਕਮਿਸ਼ਨ, ਕੁਮਾਰ ਰਾਹੁਲ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਸੰਯਮ ਅਗਰਵਾਲ ਮੁੱਖ ਕਾਰਜਕਾਰੀ ਅਫਸਰ ਸਟੇਟ ਹੈਲਥ ਏਜੰਸੀ ਮੁੱਖ ਮੰਤਰੀ ਸਿਹਤ ਯੋਜਨਾ, ਡਾ. ਹਤਿੰਦਰ ਕੌਰ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ, ਡਾ. ਸਨੀ ਸਿੰਘ ਆਲੂਵਾਲੀਆ ਚੇਅਰਮੈਨ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ, ਸਰਬਜੀਤ ਸਿੰਘ ਸਮਾਣਾ ਮੇਅਰ ਨਗਰ ਨਿਗਮ ਮੁਹਾਲੀ, ਕੋਮਲ ਮਿੱਤਲ ਡਿਪਟੀ ਕਮਿਸ਼ਨਰ ਐਸ. ਏ, ਐਸ. ਨਗਰ ਅਤੇ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਆਯੁਸ਼ ਮੈਡੀਕਲ ਕੈਂਪ ਅੱਜ ਅਗਲੀ ਖ਼ਬਰ ਹਰਮੀਤ ਸਿੰਘ ਪਠਾਣਮਾਜਰਾ ਦੀ ‘ਆਪ’ ਤੋਂ ਦੂਰੀ ਮਗਰੋਂ ਭਾਰਤੀ ਜਨਤਾ ਪਾਰਟੀ ਵੱਲ ਰੁਖ ਕਮਲ ਦਾ ਫੁੱਲ ਫੜਨ ਦੇ ਦਿੱਤੇ ਸੰਕੇਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।