ਮੌਕੇ 'ਤੇ ਮੌਜੂਦ ਰਹੇ ਡਾ. ਰਵਜੋਤ ਸਿੰਘ ਤੇ ਡਾ. ਰਾਜ ਕੁਮਾਰ ਚੱਬੇਵਾਲ
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਬੀਤੀ ਸ਼ਾਮ ਪਿੰਡ ਚੱਕ ਸਮਾਣਾ ਵਿਖੇ ਬੋਰਵੈੱਲ 'ਚ ਡਿੱਗੇ ਗੁਰਕਰਨ ਸਿੰਘ (3) ਨੂੰ ਕਰੀਬ 9 ਘੰਟਿਆਂ ਦੇ ਸਖ਼ਤ ਮਿਹਨਤ ਤੋਂ ਬਾਅਦ ਸਫਲਤਾਪੂਰਵਕ ਜਿੰਦਾ ਬਾਹਰ ਕੱਢ ਲਿਆ ਗਿਆ, ਇਸ ਸਾਰੀ ਕਾਰਵਾਈ ਦੌਰਾਨ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੀ ਮੌਕੇ 'ਤੇ ਹਾਜ਼ਰ ਰਹੇ | ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦਸੂਹਾ ਮਾਰਗ 'ਤੇ ਪੈਂਦੇ ਪਿੰਡ ਚੱਕ ਸਮਾਣਾ ਵਿਖੇ ਸ਼ੁੱਕਰਵਾਰ ਸ਼ਾਮ ਚਾਰ ਵਜੇ ਦੇ ਕਰੀਬ ਖੇਡਦੇ ਸਮੇਂ ਗੁਰਕਰਨ ਸਿੰਘ ਅਚਾਨਕ ਬੋਰਵੈੱਲ 'ਚ ਡਿਗ ਪਿਆ ਸੀ, ਜਿਸ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਹਰਕਤ 'ਚ ਆਉਂਦਿਆਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਸਨ | ਬੱਚੇ ਗੁਰਕਰਨ ਸਿੰਘ, ਪੁੱਤਰ ਹਰਿੰਦਰ ਅਤੇ ਮਾਤਾ ਆਸ਼ਾ, ਜੋ ਕਿ ਮਜ਼ਦੂਰੀ ਦਾ ਕੰਮ ਕਰਦੇ ਹਨ, ਨੂੰ ਰਾਤ ਕਰੀਬ 12:40 ਵਜੇ ਬੋਰਵੈੱਲ ਵਿਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਆਪ੍ਰੇਸ਼ਨ ਦੀ ਅਗਵਾਈ ਕੀਤੀ | ਬਚਾਅ ਕਾਰਜ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੱਚੇ ਨੂੰ ਬਚਾਅ ਤੋਂ ਬਾਅਦ ਐਂਬੂਲੈਂਸ ਰਾਹੀਂ ਡਾਕਟਰੀ ਟੀਮ ਨਾਲ ਅਗਲੇਰੀ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਬੋਰਵੈੱਲ ਦੇ ਬਿਲਕੁਲ ਨਾਲ 30 ਫੁੱਟ ਤੋਂ ਜ਼ਿਆਦਾ ਡੂੰਘਾ ਟੋਇਆ ਪੁੱਟਣ ਤੋਂ ਬਾਅਦ ਬਚਾਅ ਟੀਮਾਂ ਵਲੋਂ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ | ਐਨ.ਡੀ.ਆਰ.ਐਫ. ਦੀ ਟੀਮ ਜਿਸ ਵਿਚ 40 ਤੋਂ ਵੱਧ ਮੈਂਬਰ ਸ਼ਾਮਿਲ ਸਨ, ਨੇ ਆਪਣੀ ਮੁਹਾਰਤ ਨਾਲ ਆਪ੍ਰੇਸ਼ਨ ਨੂੰ ਸੁਰੱਖਿਅਤ ਢੰਗ ਨਾਲ ਸਫਲ ਬਣਾਇਆ | ਇਸ ਦੌਰਾਨ ਡਾ. ਰਵਜੋਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚੇ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਲਈ ਪੁਖ਼ਤਾ ਪ੍ਰਬੰਧ ਕੀਤੇ ਸਨ | ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਟੀਮਾਂ ਦੇ ਲਗਾਤਾਰ ਯਤਨਾਂ ਸਦਕਾ ਕਰੀਬ 9 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਇਸ ਨੂੰ ਸਫਲ ਬਣਾਇਆ ਗਿਆ |
ਜਦੋਂ ਡਾ. ਰਵਜੋਤ ਸਿੰਘ ਨੇ ਹਸਪਤਾਲ ਜਾ ਕੇ ਖ਼ੁਦ ਬੱਚੇ ਦੀ ਕੀਤੀ ਜਾਂਚ
ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਜੋ ਕਿ ਖ਼ੁਦ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਹਨ, ਨੇ ਬੱਚੇ ਗੁਰਕਰਨ ਸਿੰਘ ਨੂੰ ਬੋਰਵੈੱਲ 'ਚੋਂ ਕੱਢਣ ਤੋਂ ਬਾਅਦ ਹਸਪਤਾਲ ਜਾ ਕੇ ਉਸ ਦੀ ਸਿਹਤ ਅਤੇ ਦਿਲ ਦੀ ਧੜਕਣ ਦੀ ਜਾਂਚ ਕੀਤੀ | ਡਾ. ਰਵਜੋਤ ਸਿੰਘ ਨੇ ਬੱਚੇ ਨੂੰ ਫਲ ਅਤੇ ਖਿਡੌਣੇ ਦਿੰਦਿਆਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਇਸ ਸਫਲ ਬਚਾਅ ਆਪਰੇਸ਼ਨ ਵਿਚ ਜ਼ਿਲ੍ਹਾ ਪ੍ਰਸ਼ਾਸਨ, ਬਾਬਾ ਦੀਪ ਸਿੰਘ ਸੇਵਾ ਦਲ, ਸਿਵਲ ਡਿਫੈਂਸ, ਮੈਡੀਕਲ ਟੀਮਾਂ ਅਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕੀਤਾ |
ਬੋਰਵੈੱਲ 'ਚ ਡਿੱਗੇ ਗੁਰਕਰਨ ਸਿੰਘ ਨੂੰ 9 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਸੁਰੱਖਿਅਤ ਕੱਢਿਆ ਬਾਹਰ <br/>
ਅਜੀਤ ਡੈਸਕ
17-05-2026