ਅੰਮਿ੍ਤਸਰ, 26 ਮਾਰਚ (ਸੁਰਿੰਦਰ ਕੋਛੜ)-ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ 'ਦਲਾਲ ਦੇਸ਼' ਵਾਲੀ ਟਿੱਪਣੀ 'ਤੇ ਪਾਕਿਸਤਾਨੀ ਨੇਤਾ ਭੜਕੇ ਹੋਏ ਹਨ | ਇਕ ਦਰਜਨ ਤੋਂ ਵੱਧ ਪਾਕਿਸਤਾਨੀ ਸਿਆਸਤਦਾਨਾਂ ਅਤੇ ਪੱਤਰਕਾਰਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ | ਭਾਰਤੀ ਵਿਦੇਸ਼ ਮੰਤਰੀ ਨੇ ਈਰਾਨ ਯੁੱਧ 'ਚ ਪਾਕਿ ਦੀ ਦਖ਼ਲਅੰਦਾਜ਼ੀ ਦੀਆਂ ਰਿਪੋਰਟਾਂ ਦੇ ਜਵਾਬ 'ਚ ਕਿਹਾ ਸੀ ਕਿ ਭਾਰਤ ਵਿਸ਼ਵ ਭੂ-ਰਾਜਨੀਤੀ 'ਚ ਇਕ ਦਲਾਲ ਦੇਸ਼ ਵਜੋਂ ਕੰਮ ਨਹੀਂ ਕਰ ਸਕਦਾ | ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਕਿਹਾ ਕਿ ਜੈਸ਼ੰਕਰ ਆਪਣੇ ਆਪ ਨੂੰ ਇਕ 'ਹਾਈ-ਪ੍ਰੋਫਾਈਲ ਦਲਾਲ' ਮੰਨਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਇਹ ਬਿਆਨ ਉਨ੍ਹਾਂ ਦੀ ਨਿੱਜੀ ਨਿਰਾਸ਼ਾ ਨੂੰ ਦਰਸਾਉਂਦੇ ਹਨ | ਇਸ ਤੋਂ ਇਲਾਵਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਬੁਲਾਰੇ ਮੁਰਤਜ਼ਾ ਸੋਲਾਂਗੀ ਨੇ ਭਾਰਤੀ ਵਿਦੇਸ਼ ਮੰਤਰੀ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਹ ਇਕ ਆਤਮਘਾਤੀ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ ਤੇ ਡਿਪਲੋਮੈਟਿਕ ਸਕੂਲ 'ਚ ਸਿੱਖੀ ਗਈ ਹਰ ਚੀਜ਼ ਨੂੰ ਭੁੱਲ ਗਏ ਹਨ | ਪਾਕਿ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਕਿ ਮੱਧ ਪੂਰਬ 'ਚ ਤਣਾਅ ਦੇ ਹੱਲ ਲਈ ਕੰਮ ਕਰਨ ਵਿਚ ਪਾਕਿਸਤਾਨ ਦੀ ਭੂਮਿਕਾ ਬਾਰੇ ਗੁਆਂਢੀ ਭਾਰਤ 'ਚ ਬੇਚੈਨੀ ਹੈ | ਇਕ ਪ੍ਰੈੱਸ ਕਾਨਫ਼ਰੰਸ 'ਚ ਉਨ੍ਹਾਂ ਨੇ ਈਰਾਨ ਯੁੱਧ ਵਿਚ ਪਾਕਿ ਦੀ ਅਗਵਾਈ ਵਾਲੇ ਵਿਚੋਲਗੀ ਯਤਨਾਂ ਦਾ ਜ਼ਿਕਰ ਕੀਤਾ |
ਭਾਰਤੀ ਵਿਦੇਸ਼ ਮੰਤਰੀ ਦੀ 'ਦਲਾਲ ਦੇਸ਼' ਵਾਲੀ ਟਿੱਪਣੀ 'ਤੇ ਭੜਕੇ ਪਾਕਿਸਤਾਨੀ ਨੇਤਾ
ਅਜੀਤ ਡੈਸਕ
27-03-2026