ਜਲੰਧਰ, 26 ਮਾਰਚ (ਐੱਮ. ਐੱਸ. ਲੋਹੀਆ)ਕਾਊਾਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਨੇ ਉੱਤਰ ਪ੍ਰਦੇਸ਼ ਦੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਅੰਤਰਰਾਜੀ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ, ਮੁਲਜ਼ਮਾਂ ਦੇ ਕਬਜ਼ੇ 'ਚੋਂ 7.65 ਐੱਮ.ਐੱਮ. ਦੇ 10 ਦੇਸੀ ਪਿਸਤੌਲ ਅਤੇ 20 ਮੈਗਜ਼ੀਨ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਦਲੇਸ਼ ਕੁਮਾਰ ਉਰਫ਼ ਸੌਰਵ ਕੁਮਾਰ ਉਰਫ਼ ਨੰਨੂ ਵਾਸੀ ਪਿੰਡ ਪਾਂਦਾਪੁਰ, ਅਲੀਗੜ੍ਹ, ਯੂ.ਪੀ. ਅਤੇ ਅਮਿਤ ਚਾਹਰ ਵਾਸੀ ਪਿੰਡ ਬਸੇਰੀ ਚਾਹਰ ਆਗਰਾ, ਯੂ.ਪੀ. ਵਜੋਂ ਦੱਸੀ ਗਈ ਹੈ | ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਕਿ ਇਹ ਕਾਰਵਾਈ ਬੀ.ਕੇ.ਆਈ. ਦੇ ਦੋ ਕਾਰਕੁੰਨਾਂ ਸੁਖਵਿੰਦਰ ਉਰਫ਼ ਸੰਨੀ ਅਤੇ ਰਾਵਲ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰ ਜੱਸੀ ਕੁਲਮ ਦੇ ਨਿਰਦੇਸ਼ਾਂ 'ਤੇ ਬਲਾਚੌਰ ਨੇੜੇ ਤਿੰਨ ਗ੍ਰਨੇਡ ਅਤੇ ਇਕ ਆਈ.ਈ.ਡੀ. ਖਰੀਦਣ ਅਤੇ ਆਪਣੇ ਕੋਲ ਰੱਖਣ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤੇ ਜਾਣ ਦੇ ਲਗਭਗ ਇਕ ਮਹੀਨੇ ਬਾਅਦ ਸਾਹਮਣੇ ਆਈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਬਰਾਮਦ ਹੋਈ ਇਸੇ ਆਈ.ਈ.ਡੀ. ਨੂੰ ਪੀ.ਐੱਸ. ਨਾਲਾਗੜ੍ਹ, ਹਿਮਾਚਲ ਪ੍ਰਦੇਸ਼ ਵਿਖੇ ਹੋਏ ਧਮਾਕੇ 'ਚ ਵਰਤਿਆ ਗਿਆ ਸੀ | ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਲਗਾਤਾਰ ਜਾਂਚ ਦੌਰਾਨ ਕਾਉਂਟਰ ਇੰਟੈਲੀਜੈਂਸ (ਸੀ.ਆਈ.) ਦੇ ਏ.ਆਈ.ਜੀ. ਨਵਜੋਤ ਸਿੰਘ ਮਾਹਲ ਦੀ ਨਿਗਰਾਨੀ ਹੇਠ ਕੀਤੀ ਕਾਰਵਾਈ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਮਥੁਰਾ ਤੋਂ ਗਿ੍ਫ਼ਤਾਰ ਕੀਤਾ ਗਿਆ ਅਤੇ ਮੁਲਜ਼ਮ ਦਲੇਸ਼ ਕੁਮਾਰ ਉਰਫ਼ ਨੰਨੂ ਦੀ ਗ੍ਰੈਂਡ ਵਿਟਾਰਾ ਕਾਰ 'ਚੋਂ ਪੰਜ ਪਿਸਤੌਲਾਂ ਤੇ 10 ਮੈਗਜ਼ੀਨ ਬਰਾਮਦ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਬਿਆਨ 'ਤੇ ਕਾਰਵਾਈ ਕਰਦਿਆਂ ਮਥੁਰਾ-ਪਲਵਲ ਹਾਈਵੇ ਤੋਂ ਪੰਜ ਹੋਰ ਪਿਸਤੌਲ ਤੇ 10 ਮੈਗਜ਼ੀਨ ਬਰਾਮਦ ਕੀਤੇ ਗਏ ਹਨ ਅਤੇ ਇਸ ਤਰ੍ਹਾਂ ਕੁੱਲ 10 ਪਿਸਤੌਲ ਤੇ 20 ਮੈਗਜ਼ੀਨ ਬਰਾਮਦ ਕੀਤੀਆਂ ਗਈਆਂ | ਡੀ.ਜੀ.ਪੀ. ਨੇ ਕਿਹਾ ਕਿ ਇਨ੍ਹਾਂ ਦੋਵੇਂ ਯੂ.ਪੀ.-ਅਧਾਰਤ ਮੁਲਜ਼ਮਾਂ ਦੀ ਗਿ੍ਫ਼ਤਾਰੀ ਤੋਂ ਪਤਾ ਲੱਗਾ ਹੈ ਕਿ ਉਹ ਜਰਮਨੀ ਅਤੇ ਅਮਰੀਕਾ ਤੋਂ ਸਰਗਰਮ ਵਿਦੇਸ਼ੀ ਮੂਲ ਦੇ ਅਪਰਾਧੀਆਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ, ਜੋ ਪੰਜਾਬ 'ਚ ਅਪਰਾਧਿਕ ਗਰੋਹਾਂ ਨੂੰ ਹਥਿਆਰ ਸਪਲਾਈ ਕਰਦੇ ਸਨ | ਉਨ੍ਹਾਂ ਅੱਗੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਹਥਿਆਰਾਂ ਦੀ ਖ਼ਰੀਦ ਅਤੇ ਵਿਦੇਸ਼ ਅਧਾਰਿਤ ਹੈਂਡਲਰਾਂ ਦੇ ਨਿਰਦੇਸ਼ 'ਤੇ ਗੜ੍ਹਸ਼ੰਕਰ ਵਿਖੇ ਇਕ ਟਰੈਵਲ ਏਜੰਟ ਦੀ ਰਿਹਾਇਸ਼ 'ਤੇ ਫਿਰੌਤੀ ਲਈ ਗੋਲੀਬਾਰੀ ਕਰਨ 'ਚ ਵੀ ਸ਼ਾਮਿਲ ਸਨ | ਇਸ ਸੰਬੰਧੀ ਕੇਸ ਥਾਣਾ ਐੱਸ.ਐੱਸ.ਓ.ਸੀ. ਅੰਮਿ੍ਤਸਰ ਵਿਖੇ ਬੀ.ਐੱਨ.ਐੱਸ. ਤੇ ਅਸਲਾ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਐੱਫ਼.ਆਈ.ਆਰ. ਨੰਬਰ 11 ਮਿਤੀ 23-02-2026 ਨੂੰ ਦਰਜ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਅੰਤਰ-ਰਾਜੀ ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਗਰੋਹ ਦੇ ਦੋ ਮੈਂਬਰ 10 ਪਿਸਤੌਲਾਂ ਸਮੇਤ ਗਿ੍ਫ਼ਤਾਰ <br/>
ਅਜੀਤ ਡੈਸਕ
27-03-2026