ਬੰਦ ਹੋਣ ਕਾਰਨ ਜਲ ਬੱਸ ਬਣੀ ਭੂੰਡਾਂ ਦਾ ਰੈਣ ਬਸੇਰਾ, ਪੈਡਲ ਬੋਟਾਂ ਵਿਚ ਉਗਿਆ ਘਾਹ
ਹਰੀਕੇ ਪੱਤਣ, 26 ਮਾਰਚ (ਸੰਜੀਵ ਕੁੰਦਰਾ)-ਸਰਕਾਰਾਂ ਤੇ ਵਿਭਾਗਾਂ ਦੀ ਅਣਦੇਖੀ ਕਾਰਨ ਲੋਕਾਂ ਦਾ ਟੈਕਸ ਰੂਪੀ ਪੈਸਾ ਕਿਸ ਤਰ੍ਹਾਂ ਬਰਬਾਦ ਹੁੰਦਾ ਹੈ, ਇਸਦੀ ਜਿਊੁਾਦੀ ਜਾਗਦੀ ਮਿਸਾਲ ਹੈ | ਹਰੀਕੇ ਝੀਲ ਵਿਚ ਚਲਾਈ ਗਈ ਪਾਣੀ ਵਾਲੀ ਬੱਸ ਦਾ ਪ੍ਰਾਜੈਕਟ ਜੋ ਧਿਆਨ ਨਾ ਦੇਣ ਕਾਰਨ ਖਤਮ ਹੋ ਕੇ ਰਹਿ ਗਿਆ | ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਜਲ ਪ੍ਰਾਜੈਕਟ ਜਿਸ 'ਤੇ ਲੱਗੇ ਕਰੋੜਾਂ ਰੁਪਏ ਮਿੱਟੀ ਹੋ ਰਹੇ ਹਨ | ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ 'ਤੇ ਬਣੇ ਜਲ ਬੱਸ ਸਟਾਪ ਤੇ ਇਹ ਜਲ ਬੱਸ ਗੈਰਾਜ ਦੇ ਅੰਦਰ ਖੜੀ ਦੀ ਹਾਲਤ ਬੁਹਤ ਖ਼ਰਾਬ ਹੋ ਗਈ ਹੈ | ਪੰਜਾਬ ਸੈਰ ਸਪਾਟਾ ਵਿਭਾਗ ਵਲੋਂ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਜਲ ਬੱਸ ਪ੍ਰਾਜੈਕਟ ਕਾਰਨ ਹਰੀਕੇ ਝੀਲ ਸੈਲਾਨੀਆਂ ਦੀ ਵਿਸ਼ੇਸ਼ ਖਿੱਚ ਬਣ ਗਈ ਸੀ ਤੇ ਝੀਲ ਦੇ ਚੰਗੇ ਦਿਨ ਆਉਣ ਦੀ ਸੰਭਾਵਨਾ ਵੀ ਨਜ਼ਰ ਆਈ ਪਰ 2017 ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਰੀਕੇ ਪੁਹੰਚ ਕੇ ਇਸ ਜਲ ਬੱਸ ਨੂੰ ਪੱਕੀਆਂ ਬਰੇਕਾਂ ਲਗਾ ਦਿੱਤੀਆਂ | ਪ੍ਰਾਜੈਕਟ ਦੇ ਬੰਦ ਕਰਨ ਸਮੇਂ ਨਵਜੋਤ ਸਿੰਘ ਸਿੱਧੂ ਨੇ ਝੀਲ ਨੂੰ ਵਿਕਸਤ ਕਰਨ ਦੇ ਬੜੇ ਵੱਡੇ-ਵੱਡੇ ਦਾਅਵੇ ਕੀਤੇ ਪਰ ਝੀਲ ਨੇ ਹੋਰ ਵਿਕਸਤ ਕੀ ਹੋਣਾ ਸੀ ਪਹਿਲੇ ਪ੍ਰਾਜੈਕਟ ਵੀ ਠੁੱਸ ਹੋ ਗਏ | ਜਾਣਕਾਰੀ ਮੁਤਾਬਿਕ ਜਲ ਬੱਸ ਪ੍ਰਾਜੈਕਟ 'ਤੇ ਕਰੀਬ 9 ਕਰੋੜ ਰੁਪਏ ਖਰਚ ਆਇਆ ਸੀ ਜੋ ਕੇ ਇਸ ਸਮੇਂ ਪੂਰੀ ਤਰਾਂ ਬੇਕਾਰ ਦਿਖਾਈ ਦੇ ਰਿਹਾ ਹੈ | ਲੱਖਾਂ ਰੁਪਏ ਦੀ ਮੋਟਰ ਬੋਟ ਵੀ ਸਾਂਭ ਸੰਭਾਲ ਨਾ ਹੋਣ ਕਾਰਨ ਖਰਾਬ ਹੋ ਚੁੱਕੀ ਹੈ |
ਕੀ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ
ਇਸ ਸਬੰਧੀ ਜਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਵਿਚ ਪੰਜਾਬ ਦੇ ਹਰੇਕ ਮੁੱਦੇ 'ਤੇ ਆਪਣਾ ਵਿਜ਼ਨ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕੰਮ ਅਕਾਲੀ ਸਰਕਾਰ ਸਮੇਂ ਸ਼ੁਰੂ ਕੀਤੇ ਗਏ ਸੀ ਤੇ ਦੂਸਰੀਆਂ ਸਰਕਾਰਾਂ ਨੇ ਆ ਕੇ ਬੰਦ ਕਰ ਦਿੱਤੇ ਨੂੰ ਅਕਾਲੀ ਸਰਕਾਰ ਆਉਣ 'ਤੇ ਹੋਰ ਵਧੀਆ ਤਰੀਕੇ ਨਾਲ ਦੁਬਾਰਾ ਸ਼ੁਰੂ ਕੀਤਾ ਜਾਵੇਗਾ |
ਸੈਰ ਸਪਾਟਾ ਵਿਭਾਗ ਦੀ ਅਣਦੇਖੀ ਕਾਰਨ ਕਰੋੜਾਂ ਦਾ 'ਜਲ ਬੱਸ' ਪ੍ਰਾਜੈਕਟ ਹੋ ਰਿਹਾ ਮਿੱਟੀ <br/>
ਅਜੀਤ ਡੈਸਕ
27-03-2026