ਅੰਮਿ੍ਤਸਰ, 26 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਸੰਸਥਾ ਨਾਲ ਸੰਬੰਧਿਤ ਸੈਕਸ਼ਨ 85 ਅਤੇ 87 ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ, ਧਰਮ ਪਚਾਰ ਕਮੇਟੀ, ਟਰੱਸਟ ਵਿਭਾਗ, ਜਨਰਲ ਬੋਰਡ ਫੰਡ, ਵਿੱਦਿਅਕ ਅਦਾਰੇ, ਪਿ੍ੰਟਿੰਗ ਪ੍ਰੈੱਸਾਂ, ਸਿੱਖ ਇਤਿਹਾਸ ਰਿਸਰਚ ਬੋਰਡ ਆਦਿ ਦਾ ਸਾਲਾਨਾ ਅਨੁਮਾਨਤ ਬਜਟ ਪੇਸ਼ ਤੇ ਪਾਸ ਕਰਨ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜ ਉਲੀਕਣ ਹਿਤ ਸਾਲ 2026-2027 ਦਾ ਸਾਲਾਨਾ ਬਜਟ ਇਜਲਾਸ 28 ਮਾਰਚ ਨੂੰ ਦੁਪਹਿਰ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਣ ਜਾ ਰਿਹਾ ਹੈ | ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਪਿਛਲੇ ਸਾਲ ਹੋਏ ਬਜਟ ਇਜਲਾਸ ਦੌਰਾਨ 1386 ਕਰੋੜ 47 ਲੱਖ ਰੁਪਏ ਦਾ ਬਜਟ ਕੁਝ ਘੰਟਿਆਂ ਵਿਚ ਹੀ ਪਾਸ ਕੀਤਾ ਗਿਆ ਸੀ | ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਬਜਟ ਇਜਲਾਸ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਤਾਂ ਜਦੋਂ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਸੀ, ਉਦੋਂ ਵੀ ਕਹਿੰਦਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਐਕਟ ਦੇ ਵਿਚ ਕੁਝ ਸੋਧਾਂ ਕਰਨ ਵਾਲੀਆਂ ਹਨ, ਜਿਵੇਂ ਡਬਲ ਹਲਕੇ ਖਤਮ ਕਰਨੇ ਤੇ ਨਾਮਜ਼ਦੀਆਂ ਨੁਮਾਇੰਦਗੀਆ ਵੱਧ ਦੇਣੀਆਂ ਤੇ ਇਸ ਤੋਂ ਇਲਾਵਾ ਬਜਟ ਇਜਲਾਸ ਘੱਟੋਘੱਟ ਹਫਤਾ ਚੱਲੇ ਤੇ ਹਰ ਇਕ ਹਾਜ਼ਰ ਮੈਂਬਰ ਨੂੰ ਆਪਣੇ ਹਲਕੇ ਦੇ ਵਿਚ ਸਿੱਖੀ ਪ੍ਰਚਾਰ ਦੀ ਦਸ਼ਾ ਬਾਰੇ ਬੋਲਣ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ | ਉੱਘੇ ਸਿੱਖ ਚਿੰਤਕ ਅਤੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਦਿੱਲੀ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਨੇ ਅੱਜ ਤੱਕ ਕਦੇ ਵੀ ਬਜਟ 'ਤੇ ਜਾਂ ਕਿਸੇ ਹੋਰ ਮਸਲੇ 'ਤੇ ਵੀ ਜਨਰਲ ਹਾਊਸ ਦੀ ਮੀਟਿੰਗ ਦੋ ਦਿਨਾਂ ਲਈ ਨਹੀਂ ਬੁਲਾਈ | ਉਨ੍ਹਾਂ ਕਿਹਾ ਕਿ ਇਕ ਦਿਨ ਦੀ ਕੁਝ ਘੰਟਿਆਂ ਲਈ ਮੀਟਿੰਗ ਹੁੰਦੀ ਹੈ ਇਕ ਬੰਦਾ ਖੜਾ ਹੋ ਕੇ ਪੜ੍ਹ ਦਿੰਦਾ ਅਤੇ ਬਿਨ੍ਹਾਂ ਵਿਚਾਰ ਚਰਚਾ ਦੇ ਜੈਕਾਰਾ ਬੋਲ ਕੇ ਬਜਟ ਪਾਸ ਹੁੰਦਾ | ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਤੇ ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦਾ ਹਰ ਇਜਲਾਸ ਮੁੱਦਿਆ 'ਤੇ ਅਤੇ ਖੁੱਲੀ ਵਿਚਾਰ ਨਾਲ ਹੋਣਾ ਚਾਹੀਦਾ ਹੈ | ਬਜਟ ਤਾਂ ਕਿਸੇ ਵੀ ਸੰਸਥਾ ਦਾ ਆਧਾਰ ਹੁੰਦਾ ਹੈ, ਕਿਸ ਪੱਖ 'ਤੇ ਕਿੰਨ੍ਹੇ, ਕਿਉਂ ਤੇ ਕਿਵੇਂ ਖਰਚ ਕਰਨੇ ਹਨ, ਉਹ ਅਹਿਮ ਆਧਾਰ ਹੋਣਾ ਚਾਹੀਦਾ ਹੈ |
ਸ਼ੋ੍ਰਮਣੀ ਕਮੇਟੀ ਦਾ ਸਾਲ 2026-2027 ਲਈ ਸਾਲਾਨਾ ਬਜਟ ਇਜਲਾਸ ਕੱਲ੍ਹ
ਅਜੀਤ ਡੈਸਕ
27-03-2026