15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਆਈ. ਈ. ਡੀ. ਧਮਾਕੇ ਨਾਲ ਜੁੜੇ ਮਾਮਲੇ 'ਚ ਜ਼ਮਾਨਤ ਅਰਜ਼ੀ ਖ਼ਾਰਜ

ਅਜੀਤ ਡੈਸਕ 02-02-2026
ਐੱਸ. ਏ. ਐੱਸ. ਨਗਰ, 1 ਫਰਵਰੀ (ਕਪਿਲ ਵਧਵਾ)-ਪੰਜਾਬ 'ਚ ਆਈ. ਈ. ਡੀ. ਧਮਾਕੇ ਨਾਲ ਜੁੜੇ ਨਸ਼ਿਆਂ-ਅੱਤਵਾਦੀ ਗਤੀਵਿਧੀਆਂ ਦੇ ਗੰਭੀਰ ਮਾਮਲੇ 'ਚ ਅਦਾਲਤ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਰਾ ਨੂੰ ਵੱਡਾ ਝਟਕਾ ਦਿੰਦਿਆਂ ਮੁਹਾਲੀ ਸਥਿਤ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਉਸ ਦੀ ਨਿਯਮਿਤ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ | ਵਿਸ਼ੇਸ਼ ਜੱਜ ਦਿਨੇਸ਼ ਕੁਮਾਰ ਵਧਵਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੁਲਜ਼ਮ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂ. ਏ. ਪੀ. ਏ.) ਤਹਿਤ ਦਰਜ ਮਾਮਲੇ 'ਚ ਉਸ ਵਿਰੁੱਧ ਠੋਸ ਸਬੂਤ ਮੌਜੂਦ ਹਨ ਅਤੇ ਧਾਰਾ 43-ਡੀ (5) ਦੇ ਤਹਿਤ ਅਜਿਹੇ ਮਾਮਲਿਆਂ 'ਚ ਜ਼ਮਾਨਤ ਦੇਣ 'ਤੇ ਸਪਸ਼ੱਟ ਕਾਨੂੰਨੀ ਰੋਕ ਹੈ | ਜ਼ਿਕਰਯੋਗ ਹੈ ਕਿ ਇਹ ਮਾਮਲਾ 15 ਸਤੰਬਰ, 2021 ਨੂੰ ਜਲਾਲਾਬਾਦ ਖੇਤਰ 'ਚ ਹੋਏ ਭਿਆਨਕ ਧਮਾਕੇ ਨਾਲ ਸੰਬੰਧਿਤ ਹੈ, ਜਿਥੇ ਇਕ ਮੋਟਰਸਾਈਕਲ 'ਚ ਆਈ. ਈ. ਡੀ. ਫੱਟਣ ਕਾਰਨ ਉਸ 'ਤੇ ਸਵਾਰ ਬਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਦੋ ਰਾਹਗੀਰ ਗੰਭੀਰ ਜ਼ਖ਼ਮੀ ਹੋਏ ਸਨ | ਜਾਂਚ ਦੌਰਾਨ ਪਤਾ ਲੱਗਾ ਕਿ ਧਮਾਕੇ ਦੀ ਤੀਬਰਤਾ ਕਾਫ਼ੀ ਜ਼ਿਆਦਾ ਸੀ ਅਤੇ ਮੋਟਰਸਾਈਕਲ ਦੇ ਪੁਰਜ਼ੇ ਕਾਫ਼ੀ ਦੂਰ ਤੱਕ ਖਿੱਲਰੇ ਹੋਏ ਸਨ | ਸ਼ੁਰੂਆਤੀ ਜਾਂਚ ਪੰਜਾਬ ਪੁਲਿਸ ਵਲੋਂ ਕੀਤੀ ਗਈ ਸੀ ਪਰ ਬਾਅਦ 'ਚ ਪਾਕਿਸਤਾਨ ਨਾਲ ਜੁੜੀਆਂ ਅੱਤਵਾਦੀ ਅਤੇ ਅੰਤਰਰਾਸ਼ਟਰੀ ਨਸ਼ਿਆਂ ਅਤੇ ਅੱਤਵਾਦੀ ਦੇ ਨੈੱਟਵਰਕ ਦੀਆ ਕੜੀਆਂ ਸਾਹਮਣੇ ਆਉਣ ਤੋਂ ਬਾਅਦ ਕੇਸ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਸੌਂਪ ਦਿੱਤਾ ਗਿਆ | ਐਨ. ਆਈ. ਏ. ਮੁਤਾਬਕ ਪਾਕਿਸਤਾਨ ਆਧਾਰਿਤ ਲਖਬੀਰ ਸਿੰਘ ਰੋਡੇ ਅਤੇ ਹਬੀਬ ਖ਼ਾਨ ਉਰਫ਼ ਡਾਕਟਰ ਦੇ ਇਸ਼ਾਰਿਆਂ 'ਤੇ ਪੰਜਾਬ 'ਚ ਧਮਾਕੇ ਕਰਵਾਉਣ ਦੀ ਸਾਜ਼ਿਸ਼ ਰਚੀ ਗਈ ਸੀ | ਜਾਂਚ ਏਜੰਸੀ ਅਨੁਸਾਰ ਗੁਰਪ੍ਰੀਤ ਸਿੰਘ ਗੋਰਾ ਨੇ ਇਸ ਸਾਜ਼ਿਸ਼ 'ਚ ਸਰਗਰਮ ਭੂਮਿਕਾ ਨਿਭਾਈ ਸੀ | ਉਸ 'ਤੇ ਦੋਸ਼ ਹੈ ਕਿ ਉਸ ਨੇ ਧਮਾਕੇ ਲਈ ਚੋਰੀ ਦੀ ਮੋਟਰਸਾਈਕਲ ਦਾ ਇੰਤਜ਼ਾਮ ਕੀਤਾ, ਸਹਿ-ਮੁਲਜ਼ਮਾਂ ਨੂੰ ਧਮਾਕੇ ਤੋਂ ਬਾਅਦ ਸੁਰੱਖਿਅਤ ਟਿਕਾਣਾ ਮੁਹੱਈਆ ਕਰਵਾਇਆ ਅਤੇ ਸਰਹੱਦ ਪਾਰ ਹੈਰੋਇਨ ਦੀ ਤਸਕਰੀ 'ਚ ਵੀ ਸ਼ਮੂਲੀਅਤ ਕੀਤੀ | ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਕਿ ਮੋਬਾਈਲ ਲੋਕੇਸ਼ਨ, ਤਕਨੀਕੀ ਸਬੂਤ ਅਤੇ ਗਵਾਹੀਆਂ ਮੁਲਜ਼ਮ ਦੀ ਸਾਜ਼ਿਸ਼ 'ਚ ਭਾਗੀਦਾਰੀ ਵੱਲ ਸਾਫ਼ ਇਸ਼ਾਰਾ ਕਰਦੀਆਂ ਹਨ |
ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦੇ 13ਵੇਂ ਦਿਨ 148 ਕਾਬੂ ਅਗਲੀ ਖ਼ਬਰ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਪਿੰਡ ਖੈਹਿਰਾ ਮਸਤਰਕਾ ਦੇ ਨੌਜਵਾਨ ਨੇ ਸੁਣਾਈ ਤਸ਼ੱਦਦ ਦੀ ਲੂੰ ਕੰਡੇ ਖੜ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।