15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਪਿੰਡ ਖੈਹਿਰਾ ਮਸਤਰਕਾ ਦੇ ਨੌਜਵਾਨ ਨੇ ਸੁਣਾਈ ਤਸ਼ੱਦਦ ਦੀ ਲੂੰ ਕੰਡੇ ਖੜ੍ਹੇ ਕਰਨ ਵਾਲੀ ਦਾਸਤਾਨ

ਅਜੀਤ ਡੈਸਕ 02-02-2026

ਸਿੱਧਵਾਂ ਬੇਟ (ਜਗਰਾਉਂ), 1 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-2023 ਦੇ ਜੁਲਾਈ ਮਹੀਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗਜ਼ਨੀਵਾਲ ਕੋਲੋਂ ਦਰਿਆ ਸਤਲੁਜ ਦੇ ਪਾਣੀ 'ਚ ਰੁੜ ਕੇ ਪਾਕਿਸਤਾਨ ਪੁੱਜੇ ਪਿੰਡ ਪਰਜੀਆਂ ਬਿਹਾਰੀਪੁਰ ਦਾ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਥਾਣਾ ਸਿੱਧਵਾਂ ਬੇਟ ਅਤੇ ਦਰਿਆ ਪਾਰਲੇ ਪਿੰਡ ਖੈਹਿਰਾ ਮਸਤਰਕਾ (ਧੱਕਾ ਬਸਤੀ) ਥਾਣਾ ਮਹਿਤਪੁਰ (ਜਲੰਧਰ) ਦਾ 31 ਸਾਲਾ ਨੌਜਵਾਨ ਰਤਨਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਭਾਵੇਂ ਲੰਘੀ ਦੇਰ ਸ਼ਾਮ ਵਾਹਗਾ ਬਾਰਡਰ ਰਾਹੀਂ ਬੀ.ਐੱਸ.ਐੱਫ. ਅਤੇ ਸਿਵਲ ਅਧਿਕਾਰੀਆਂ ਵਲੋਂ ਕੀਤੀ ਜਾਂਚ ਉਪਰੰਤ ਅੱਜ ਤੜਕਸਾਰ ਆਪੋ-ਆਪਣੇ ਘਰਾਂ ਵਿਚ ਆ ਤਾਂ ਗਏ ਹਨ ਪਰ ਉਨ੍ਹਾਂ ਦੇ ਚਿਹਰੇ 'ਤੇ ਪਾਕਿਸਤਾਨ ਵਿਚ ਹੋਏ ਤਸ਼ੱਦਦ ਦਾ ਸਹਿਮ ਅੱਜ ਵੀ ਵੇਖਣ ਨੂੰ ਮਿਲ ਰਿਹਾ ਹੈ | ਪੱਤਰਕਾਰਾਂ ਦੀ ਟੀਮ ਅੱਜ ਜਦੋਂ ਦਰਿਆ ਸਤਲੁਜ ਦੇ ਜਲੰਧਰ ਵਾਲੇ ਪਾਸੇ ਪੈਂਦੇ ਪਿੰਡ ਖਹਿਰਾ ਮੁਸਤਰਕਾ ਦੇ ਰਤਨਪਾਲ ਦੇ ਘਰ ਪੁੱਜੀ ਤਾਂ ਭਾਵੇਂ ਉਨ੍ਹਾਂ ਦਾ ਪਰਿਵਾਰ ਕੁਝ ਖੁਸ਼ ਦਿਖਾਈ ਦੇ ਰਿਹਾ ਸੀ ਪਰ ਰਤਨਪਾਲ ਦੇ ਮਨ ਵਿਚ ਅਜੇ ਵੀ ਢਾਈ ਸਾਲ ਪਹਿਲਾਂ ਗਲਤੀ ਨਾਲ ਬਾਰਡਰ ਪਾਰ ਕਰਨ ਸਮੇਂ ਉਥੋਂ ਦੀ ਪੁਲਿਸ ਵਲੋਂ ਕੀਤੇ ਤਸ਼ੱਦਦ ਨੂੰ ਲੈ ਕੇ ਖ਼ੌਫ ਸੀ | ਰਤਨਪਾਲ ਨੇ ਦੱਸਿਆ ਕਿ ਜਦੋਂ ਮੈਂ ਤੇ ਮੇਰਾ ਦੋਸਤ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਨਾਲ ਦਰਿਆ ਸਤਲੁਜ ਦੇ ਤੇਜ਼ ਵਹਿਣ ਵਿਚ ਰੁੜ੍ਹ ਕੇ ਪਾਕਿਸਤਾਨ ਦੀ ਸਰ-ਜ਼ਮੀਨ 'ਤੇ ਪੁੱਜੇ ਤਾਂ ਪਾਕਿਸਤਾਨੀ ਰੇਂਜਰਾਂ ਨੇ ਸਾਨੂੰ ਕਾਬੂ ਕਰਕੇ ਵੱਖ-ਵੱਖ ਏਜੰਸੀਆਂ ਦੇ ਹਵਾਲੇ ਕਰ ਦਿੱਤਾ, ਜੋ ਸਾਡੇ 'ਤੇ ਕਈ ਦਿਨ ਅੰਨ੍ਹਾ ਤਸ਼ੱਦਦ ਕਰਦੇ ਰਹੇ | ਉਸ ਨੇ ਦੱਸਿਆ ਕਿ ਉਹ ਸਾਨੂੰ ਭਾਰਤੀ ਜਾਸੂਸ ਹੋਣ ਦੀ ਗੱਲ ਕਹਿੰਦੇ ਰਹੇ ਪਰ ਅਖੀਰ ਸਾਨੂੰ ਇਹ ਮਜ਼ਬੂਰੀ ਵੱਸ ਮੰਨਣਾ ਪਿਆ ਕਿ ਅਸੀਂ ਜਾਸੂਸ ਨਹੀਂ ਸਗੋਂ ਤਸਕਰੀ ਕਰਨ ਆਏ ਸੀ | ਉਪਰੰਤ ਸਾਨੂੰ ਕਸੂਰ ਜੇਲ੍ਹ ਭੇਜ ਦਿੱਤਾ ਗਿਆ | ਫਿਰ ਸਾਨੂੰ ਉਥੋਂ ਦੀ ਅਦਾਲਤ ਨੇ ਤਸਕਰੀ ਦੇ ਦੋਸ਼ ਹੇਠ ਇਕ ਸਾਲ ਦੀ ਸਜ਼ਾ ਸੁਣਾ ਦਿੱਤੀ | ਉਪਰੰਤ ਸਾਨੂੰ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ | ਉਸ ਨੇ ਦੱਸਿਆ ਕਿ ਅਸੀਂ ਅਕਤੂਬਰ 2024 ਵਿਚ ਆਪਣੀ ਸਜ਼ਾ ਪੂਰੀ ਕਰ ਲਈ ਸੀ ਪਰ ਸਾਨੂੰ ਵਾਰ-ਵਾਰ ਇਹੀ ਕਿਹਾ ਜਾਂਦਾ ਰਿਹਾ ਕਿ ਅਸੀਂ ਤੁਹਾਨੂੰ ਵਾਪਸ ਭੇਜਣ ਲਈ ਤਿਆਰ ਹਾਂ ਪਰ ਭਾਰਤ ਸਰਕਾਰ ਤੁਹਾਨੂੰ ਲੈ ਨਹੀਂ ਰਹੀ | ਉਸ ਨੇ ਦੱਸਿਆ ਕਿ ਜਿਥੇ ਮੈਂ ਢਾਈ ਸਾਲ ਤੋਂ ਆਪਣੇ ਪਰਿਵਾਰ ਨਾਲੋਂ ਵਿਛੜਿਆ ਰਿਹਾ ਤੇ ਮੇਰੀ ਪਤਨੀ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦੀ ਰਹੀ, ਉਥੇ ਇਸ ਦੌਰਾਨ ਮੇਰੇ ਤਾਇਆ, ਤਾਈ ਅਤੇ ਵੱਡਾ ਭਰਾ ਇਸ ਦੁਨੀਆਂ ਛੱਡ ਕੇ ਚਲੇ ਗਏ, ਜਿਸ ਦਾ ਵੀ ਮੈਨੂੰ ਅੱਜ ਪਤਾ ਲੱਗਾ | ਰਤਨਪਾਲ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਵਿਚ ਅਜੇ ਵੀ ਕਈ ਭਾਰਤੀ ਕੈਦੀ ਹਨ, ਜਿਨ੍ਹਾਂ ਵਿਚ ਅੰਮਿ੍ਤਪਾਲ ਸਿੰਘ ਅਤੇ ਦੋ ਹੋਰ ਨੌਜਵਾਨ ਸਾਨੂੰ ਮਿਲੇ | ਪੱਤਰਕਾਰਾਂ ਦੀ ਟੀਮ ਜਦੋਂ ਥਾਣਾ ਸਿੱਧਵਾਂ ਬੇਟ ਵਿਚ ਪੈਂਦੇ ਪਿੰਡ ਪਰਜੀਆਂ ਬਿਹਾਰੀਪੁਰ ਦੇ ਹਰਵਿੰਦਰ ਸਿੰਘ ਦੇ ਘਰ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਵਿੰਦਰ ਸਿੰਘ ਦੀ ਹਾਲਤ ਠੀਕ ਨਹੀਂ | ਉਹ ਸਦਮੇ ਵਿਚ ਹੈ ਅਤੇ ਉਸ ਨੂੰ ਦਵਾਈ ਦਿਵਾਉਣ ਲਈ ਸਾਡੇ ਰਿਸ਼ਤੇਦਾਰ ਡਾਕਟਰ ਕੋਲ ਲੈ ਕੇ ਗਏ ਹਨ |

ਪਿਛਲੀ ਖ਼ਬਰ ਆਈ. ਈ. ਡੀ. ਧਮਾਕੇ ਨਾਲ ਜੁੜੇ ਮਾਮਲੇ 'ਚ ਜ਼ਮਾਨਤ ਅਰਜ਼ੀ ਖ਼ਾਰਜ ਅਗਲੀ ਖ਼ਬਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਗੈਲਰੀ 'ਚ ਸਥਾਪਿਤ ਕੀਤਾ ਗਿਆ ਹਰੀ ਸਿੰਘ ਨਲਵਾ ਦਾ ਬੁੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।