ਲੁਧਿਆਣਾ, 21 ਜਨਵਰੀ (ਭੁਪਿੰਦਰ ਸਿੰਘ ਬੈਂਸ)-ਕੇਂਦਰੀ ਜੀ.ਐਸ.ਟੀ. ਕਮਿਸ਼ਨਰੇਟ ਲੁਧਿਆਣਾ ਵਲੋਂ ਲੋਹੇ ਅਤੇ ਇਸਪਾਤ ਨਿਰਮਾਣ ਖੇਤਰ 'ਚ ਚੱਲ ਰਹੇ ਨਕਲੀ ਜੀ.ਐਸ.ਟੀ. ਬਿਲਿੰਗ ਘੋਟਾਲੇ ਦਾ ਪਰਦਾਫਾਸ਼ ਕੀਤਾ ਗਿਆ ਹੈ | ਵਿਭਾਗ ਨੇ 19 ਜਨਵਰੀ ਨੰੂ ਲੁਧਿਆਣਾ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕਰਦਿਆਂ 311 ਕਰੋੜ ਰੁਪਏ ਦੇ ਫ਼ਰਜ਼ੀ ਜੀ.ਐਸ.ਟੀ. ਚਾਲਾਨਾਂ ਨਾਲ ਜੁੜੇ ਮਾਮਲੇ ਨੰੂ ਬੇਨਕਾਬ ਕੀਤਾ | ਜਾਂਚ ਦੌਰਾਨ ਸਾਹਮਣੇ ਆਇਆ ਕਿ ਲੋਹੇ ਅਤੇ ਇਸਪਾਤ ਖੇਤਰ ਵਿਚ ਇਕ ਪ੍ਰਮੁੱਖ ਨਿਰਮਾਣ ਕੰਪਨੀ ਵਲੋਂ ਬਿਨਾਂ ਮਾਲ ਦੀ ਅਸਲੀ ਸਪਲਾਈ ਕੀਤੇ ਨਕਲੀ ਜੀ.ਐਸ.ਟੀ. ਚਾਲਾਨ ਜਾਰੀ ਕਰਕੇ ਵੱਡੇ ਪੱਧਰ 'ਤੇ ਫ਼ਰਜ਼ੀ ਲੈਣ-ਦੇਣ ਦਿਖਾਇਆ ਗਿਆ | ਇਨ੍ਹਾਂ ਨਕਲੀ ਚਾਲਾਨਾਂ ਜਰੀਏ ਕੰਪਨੀ ਨੇ 47.50 ਕਰੋੜ ਰੁਪਏ ਦਾ ਅਣਅਧਿਕਾਰਤ ਇਨਪੁੱਟ ਟੈਕਸ ਕਰੈਡਿਟ ਹਾਸਲ ਕਰਕੇ ਆਪਣੀ ਜੀ.ਐਸ.ਟੀ. ਦੇਣਦਾਰੀ ਨੂੰ ਸਥਾਪਿਤ ਕੀਤਾ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ | ਤਲਾਸ਼ੀ ਮੁਹਿੰਮਾਂ ਤੋ ਬਾਅਦ ਜਾਂਚ ਵਿਚ ਇਹ ਗੱਲ ਸਪਸ਼ਟ ਹੋ ਗਈ ਕਿ ਸੰਬੰਧਿਤ ਫ਼ਰਮਾਂ ਦੀ ਸੰਚਾਲਨਾ ਅਤੇ ਪੂਰਾ ਕੰਟਰੋਲ ਪਿਤਾ-ਪੁੱਤਰ ਦੇ ਹੱਥਾਂ ਵਿਚ ਸੀ | ਇਸ 'ਤੇ ਵਿਭਾਗ ਵਲੋਂ ਦੋਵਾਂ ਨੰੂ ਕੇਂਦਰੀ ਜੀ.ਐਸ.ਟੀ. ਐਕਟ 2017 ਦੀਆਂ ਧਾਰਾਵਾਂ ਅਧੀਨ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੰੂ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ | ਅਧਿਕਾਰੀਆਂ ਮੁਤਾਬਿਕ ਇਸ ਘੋਟਾਲੇ ਦੀ ਪੂਰੀ ਜਾਂਚ ਹਾਲੇ ਜਾਰੀ ਹੈ |