10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗਿੱਦੜਬਾਹਾ ਹਲਕੇ ਦੇ ਪਿੰਡਾਂ 'ਚ ਹਜ਼ਾਰਾਂ ਏਕੜ ਕਣਕ ਗੜੇਮਾਰੀ ਤੇ ਬਾਰਿਸ਼ ਨਾਲ ਤਬਾਹ <br/>

ਅਜੀਤ ਡੈਸਕ 06-04-2026
ਗਿੱਦੜਬਾਹਾ, 5 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਹਲਕੇ ਦੇ ਕਈ ਪਿੰਡਾਂ ਵਿਚ ਬੀਤੇ ਦਿਨ ਪਈ ਗੜ੍ਹੇਮਾਰੀ ਤੇ ਬਾਰਿਸ਼ ਨੇ ਕਣਕ ਦੀ ਪੱਕੀ ਫ਼ਸਲ ਤਬਾਹਾ ਕਰ ਦਿੱਤਾ ਹੈ | ਕਣਕ ਦੀ ਬਰਬਾਦ ਹੋਈ ਫ਼ਸਲ ਨਾਲ ਕਿਸਾਨਾਂ ਨੂੰ ਕਈ ਲੱਖਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਵਾਰ ਬੇ-ਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਨਾਲ ਪੰਜਾਬ ਭਰ ਦੇ ਕਈ ਜ਼ਿਲਿ੍ਹਆਂ 'ਚ ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦਾ ਭਾਰੀ ਨੁਕਸਾਨ ਹੋ ਗਿਆ ਹੈ | ਹਲਕਾ ਗਿੱਦੜਬਾਹਾ ਤੇ ਇਸ ਦੇ ਨਾਲ ਲਗਦੇ ਅਨੇਕਾਂ ਹੀ ਪਿੰਡਾਂ ਵਿਚ ਗੜ੍ਹੇਮਾਰੀ ਨੇ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਤਬਾਹ ਕਰ ਦਿੱਤੀ ਹੈ | ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਤੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੇਤਾ ਅਤੇ ਭਾਕਿਯੂ ਏਕਤਾ (ਸਿੱਧੂਪੁਰ) ਇਕਬਾਲ ਸਿੰਘ ਅਤੇ ਠਾਣਾ ਸਿੰਘ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲ ਪਈ ਬਾਰਿਸ਼ ਤੇ ਗੜ੍ਹੇਮਾਰੀ ਨੇ ਹਲਕੇ ਭਰ ਵਿਚ ਕਣਕ ਦੀ ਫ਼ਸਲ ਧਰਤੀ 'ਤੇ ਵਿਛਾਅ ਦਿੱਤੀ ਗਈ ਸੀ | ਬੀਤੇ ਦੇਰ ਸ਼ਾਮ ਫਿਰ ਤੋਂ ਗੜ੍ਹੇਮਾਰੀ ਤੇ ਬਾਰਿਸ਼ ਨੇ ਪਿੰਡ ਚੋਟੀਆਂ, ਭਲਾਈਆਣਾ, ਅਬਲੂਕੋਟਲੀ, ਮੱਲਣ, ਰਾਮੇਆਣਾ ਕੋਠੇ ਲਾਲ ਸਿੰਘ ਵਾਲਾ ਤੋਂ ਇਲਾਵਾ ਨਾਲ ਲਗਦੇ ਕਈ ਪਿੰਡਾਂ 'ਚ ਕਣਕ, ਸਬਜ਼ੀਆਂ, ਫ਼ਲਾਂ, ਹਰਾ ਚਾਰਾ ਤੋਂ ਇਲਾਵਾ ਸੋਲਰ ਮੋਟਰਾਂ ਅਤੇ ਕੱਚੇ ਮਕਾਨ ਵੀ ਪ੍ਰਭਾਵਿਤ ਹੋ ਗਏ ਹਨ | ਭਲਾਈਆਣਾ ਦੇ ਪੰਚ ਠਾਕਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦੀ 38 ਏਕੜ ਕਣਕ ਬਰਬਾਦ ਹੋ ਗਈ | ਕਿਸਾਨ ਕਿੱਕਰ ਸਿੰਘ ਤੇ ਲਖਵਿੰਦਰ ਸਿੰਘ ਨੇ ਰੋਂਦਿਆਂ ਹੋਇਆ ਦੱਸਿਆ ਕਿ ਉਨ੍ਹਾਂ ਦੀ 22-22 ਏਕੜ ਵਿਚ ਕਣਕ ਦਾ ਦਾਣਾ ਵੀ ਨਹੀਂ ਬਚਿਆ | ਅਵਤਾਰ ਸਿੰਘ, ਜੀਤ ਸਿੰਘ ਕੁਲਦੀਪ ਸਿੰਘ, ਨਛੱਤਰ ਸਿੰਘ ਸਮੇਤ ਅਨੇਕਾਂ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਤੇ ਸਾਰਾ ਸਾਲ ਖਾਣ ਲਈ ਕਣਕ ਦਾ ਇੰਤਜ਼ਾਮ ਕਰਨਾ ਔਖਾ ਹੋ ਗਿਆ ਹੈ | ਡੰਗਰਾਂ ਲਈ ਤੂੜੀ ਵੀ ਨਹੀਂ ਬਣਾਈ ਜਾਣੀ | ਲੱਖਾਂ ਰੁਪਏ ਭਰ ਕੇ ਠੇਕੇ 'ਤੇ ਬੀਜੀ ਕਣਕ ਦੀ ਭਰਪਾਈ ਕਿੱਥੋਂ ਕਰਨਗੇ ਤੇ ਅੱਗੇ ਝੋਨਾ ਬੀਜਣ ਲਈ ਵੀ ਪੈਸਾ ਪੱਲੇ ਨਹੀਂ ਹੈ | ਧਾਹਾਂ ਮਾਰਕੇ ਰੋਂਦੇ ਕਿਸਾਨਾਂ ਨੇ ਕਿਹਾ ਕਿ ਹੁਣ ਬੱਚਿਆਂ ਦੀ ਪੜ੍ਹਾਈ ਤੇ ਘਰ ਚਲਾਉਣ ਲਈ ਉਨ੍ਹਾਂ ਦੇ ਪੱਲੇ ਕੱਖ ਨਹੀਂ ਬਚਿਆ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ 100 ਫ਼ੀਸਦੀ ਨੁਕਸਾਨ ਹੋਇਆ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਗਿਰਦਾਵਰੀ ਕਰਾ ਕੇ ਜਲਦੀ ਤੋਂ ਜਲਦੀ ਪੈਸੇ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਜਾਣ ਤਾਂ ਜੋ ਆਉਣ ਵਾਲੀ ਸਾਉਣੀ ਦੀ ਫ਼ਸਲ ਦੀ ਬਿਜਾਈ ਕੀਤੀ ਜਾ ਸਕੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਠੇਕੇ 'ਤੇ ਜ਼ਮੀਨ ਲੈਣ ਵਾਲੇ ਕਾਸ਼ਤਕਾਰਾਂ ਦੇ ਖਾਤਿਆਂ 'ਚ ਮੁਆਵਜ਼ਾ ਦਿੱਤਾ ਜਾਵੇ | ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਮਜਦੂਰਾਂ ਨੂੰ ਵੀ ਬਣਦਾ ਮੁਆਵਜਾ ਦਿੱਤਾ ਜਾਵੇ | ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਪੀੜਤ ਕਿਸਾਨਾ ਦੀ ਬਾਂਹ ਨਾ ਫੜੀ ਤਾਂ ਉਹ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ |

ਪਿਛਲੀ ਖ਼ਬਰ ਐਚ.ਐਸ. ਹਾਈ ਸਕੂਲ ਵਿਖੇ ਲਿਖਣ ਅਭਿਆਸ ਸਮਾਗਮ ਅਗਲੀ ਖ਼ਬਰ ਬੇਮੌਸਮੀ ਬਰਸਾਤ ਕਾਰਨ ਫ਼ਰੀਦਕੋਟ 'ਚ ਕਣਕ ਦੀ ਫ਼ਸਲ ਦਾ ਹੋਇਆ ਵੱਡਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।