ਕੋਟਕਪੂਰਾ, 31 ਮਾਰਚ (ਮੋਹਰ ਸਿੰਘ ਗਿੱਲ)-ਗੁੱਡ ਮੌਰਨਿੰਗ ਵੈਲਫ਼ੇਅਰ ਕਲੱਬ ਵਲੋਂ 1 ਅਪੈ੍ਰਲ ਦਿਨ ਬੁੱਧਵਾਰ ਨੂੰ ਸਵੇਰੇ 7.30 ਵਜੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਸਿੱਖਾਂਵਾਲਾ ਰੋਡ ਕੋਟਕਪੂਰਾ ਵਿਖੇ ਕਿਤਾਬਾਂ ਦੀ ਅਦਲਾ-ਬਦਲੀ ਮੇਲੇ ਵਿਚ ਸ਼ਾਮਿਲ ਹੋਣ ਤੇ ਬਣਦਾ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਤੇ ਚੇਅਰਮੈਨ ਪੱਪੂ ਲਾਹੌਰੀਆ ਨੇ ਦੱਸਿਆ ਕਿ ਪਿਛਲੇ ਸਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਵਿਖੇ ਆਪੋ ਆਪਣੀਆਂ ਕਲਾਸਾਂ ਦੀਆਂ ਕਿਤਾਬਾਂ ਲਿਜਾਣ ਵਾਲੇ ਵਿਦਿਆਰਥੀਆਂ ਨੂੰ ਲੱਖਾਂ ਰੁਪਿਆਂ ਦਾ ਫ਼ਾਇਦਾ ਹੋਇਆ ਹੈ | ਪੋ੍ਰਜੈਕਟ ਇੰਚਾਰਜ ਪੋ੍ਰ. ਐਚ.ਐਸ.ਪਦਮ, ਜਸਕਰਨ ਸਿੰਘ ਭੱਟੀ, ਓਮ ਪ੍ਰਕਾਸ਼ ਗੁਪਤਾ ਅਤੇ ਲੈਕਚਰਾਰ ਵਿਨੋਦ ਧਵਨ ਨੇ ਦੱਸਿਆ ਕਿ ਬੀਤੀ 27 ਮਾਰਚ ਤੋਂ ਪੁਸਤਕ ਐਕਸਚੇਂਜ ਮੇਲਾ ਸ਼ੁਰੂ ਹੋ ਚੁੱਕਾ ਹੈ, ਜੋ ਕਿ 7 ਅਪੈ੍ਰਲ ਤੱਕ ਚੱਲੇਗਾ | ਰੋਜ਼ਾਨਾ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਆਪੋ ਆਪਣੀ ਜਮਾਤ ਦੀਆਂ ਲੋੜੀਂਦੀਆਂ ਕਿਤਾਬਾਂ ਅਤੇ ਪੜ੍ਹਾਈ ਨਾਲ ਸਬੰਧਿਤ ਹੋਰ ਸਮੱਗਰੀ ਵੀ ਇੱਥੋਂ ਹਾਸਿਲ ਕੀਤੀ ਜਾ ਸਕਦੀ ਹੈ | ਕਲੱਬ ਮੈਂਬਰ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਇਸ ਮੇਲੇ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਸ਼ਾਮਿਲ ਹੋ ਰਹੇ ਹਨ |