ਫ਼ਰੀਦਕੋਟ, 31 ਮਾਰਚ (ਸਰਬਜੀਤ ਸਿੰਘ)-ਸਥਾਨਕ ਜ਼ਿਲ੍ਹਾ ਕਚਹਿਰੀਆਂ ਵਿਚ ਲੱਗੀ ਗਰਿੱਲ ਨੂੰ ਕੱਟ ਕੇ ਕਥਿਤ ਤੌਰ 'ਤੇ ਚੋਰੀ ਕਰਕੇ ਆਪਣੇ ਸ਼ਟਰ ਉਪਰ ਲਵਾਉਣ ਦੇ ਦੋਸ਼ਾਂ ਤਹਿਤ ਪੁਲਿਸ ਵਲੋਂ ਸ਼ੈਸ਼ਨ ਜੱਜ ਦੀ ਹੁਕਮਾਂ 'ਤੇ ਕਚਹਿਰੀ 'ਚ ਹੀ ਟਾਈਪਿਸਟ ਦਾ ਕੰਮ ਕਰਦੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਹਾਲ ਦੀ ਘੜੀ ਪੁਲਿਸ ਵਲੋਂ ਕਥਿਤ ਦੋਸ਼ੀ ਦੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਸਵਰਨ ਸਿੰਘ ਇੰਚਾਰਜ ਕਚਹਿਰੀ ਪ੍ਰੋਟੈਕਸ਼ਨ ਫ਼ਰੀਦਕੋਟ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਾਇਆ ਗਿਆ ਕਿ ਕਚਹਿਰੀ ਵਿਚ ਹੀ ਟਾਈਪਿਸਟ ਦਾ ਕੰਮ ਕਰ ਰਹੇ ਸੁਨੀਲ ਪੁਰੀ ਨਾਂਅ ਦੇ ਵਿਅਕਤੀ ਵਲੋਂ ਕਚਹਿਰੀ ਪਰਿਸਰ 'ਚ ਲੱਗੀ ਗਰਿੱਲ ਕੱਟ ਕੇ ਆਪਣੇ ਸ਼ਟਰ ਵਿਚ ਵੈਲਡ ਕਰਵਾਈ ਹੋਈ ਹੈ | ਜਿਸ ਸੰਬੰਧੀ ਉਸ ਵਲੋਂ ਜ਼ਿਲ੍ਹਾ ਤੇ ਸ਼ੈਸ਼ਨ ਜੱਜ, ਫ਼ਰੀਦਕੋਟ ਨੂੰ ਦਰਖਾਸਤ ਦਿੱਤੀ ਗਈ ਤੇ ਸੈਸ਼ਨ ਜੱਜ ਵਲੋਂ ਉਕਤ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ | ਜਿਸ ਤੋਂ ਬਾਅਦ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |