ਜੈਤੋ, 31 ਮਾਰਚ (ਗੁਰਚਰਨ ਸਿੰਘ ਗਾਬੜੀਆ)-ਸਰਕਾਰ ਵਲੋਂ ਭਾਵੇਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਨਸ਼ੇੜੀਆਂ ਤੇ ਲੁਟੇਰਿਆਂ ਨੂੰ ਫ਼ੜ ਕੇ ਜੇਲ੍ਹਾਂ ਵਿਚ ਸੁੱਟਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਨੁਸ਼ੇੜੀ ਲੁਟੇਰਿਆਂ ਵਲੋਂ ਲੁੱਟ ਖੋਹ ਦੀਆਂ ਘਟਨਾਵਾਂ ਬੇ-ਖੌਫ਼ ਜਾਰੀ ਹਨ | ਬੀਤੇ ਦਿਨ ਮੋਟਰਸਾਈਕਲ ਰੇਹੜੀ ਚਾਲਕ ਬੋਹੜ ਸਿੰਘ ਭਗਤੂਆਣਾ ਗੇੜਾ ਲਗਾ ਕੇ ਢਿਲਵਾਂ ਤੋਂ ਜੈਤੋ ਵੱਲ ਆ ਰਿਹਾ ਸੀ ਤਾਂ ਉਸ ਦੇ ਪਿੱਛੇ ਪਿੱਛੇ ਆ ਰਹੇ ਮੋਟਰ ਸਾਈਕਲ ਸਵਾਰਾਂ ਨੇ ਉਸ ਨੂੰ ਕੋਠੇ ਕਿਹਰ ਸਿੰਘ ਵਾਲਾ ਕੋਲ ਪੁੱਲ 'ਤੇ ਘੇਰ ਲਿਆ ਤੇ ਕਾਪੇ, ਕਿਰਪਾਨ ਦੀ ਨੋਕ 'ਤੇ ਉਸ ਦਾ ਪਰਸ ਖੋਹ ਲਿਆ | ਬੋਹੜ ਸਿੰਘ ਨੇ ਜਦ ਉਨ੍ਹਾਂ ਤੋਂ ਪਰਸ 'ਚ ਮੌਜੂਦ ਕਾਗਜ਼ਾਂ ਦੀ ਮੰਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਗੇ ਸੜਕ 'ਤੇ ਸੁੱਟ ਜਾਣਗੇ | ਥੋੜ੍ਹਾ ਅੱਗੇ ਜਾ ਕੇ ਪਰਸ ਤੇ ਕਾਗਜ਼ ਤਾਂ ਮਿਲ ਗਏ, ਪਰ ਪਰਸ 'ਚ ਮੌਜ਼ੂਦ 1800 ਰੁਪਏ ਲੈ ਕੇ ਫ਼ਰਾਰ ਹੋ ਗਏ | ਬੋਹੜ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਹੁਣ ਤਾਂ ਮਜ਼ਦੂਰੀ ਵੀ ਡਰ ਕੇ ਕਰਨੀ ਪੈਂਦੀ ਹੈ, ਪਤਾ ਨੀ ਕਿੱਥੇ ਅਤੇ ਕਦੋਂ ਨਸ਼ੇੜੀ ਲੁੱਟ ਲੈਣ |