07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੁਦਰਤੀ ਕਰੋਪੀਆਂ ਦੇ ਵਾਰ-ਵਾਰ ਸ਼ਿਕਾਰ ਹੋ ਰਹੇ ਪਿੰਡ ਗੰਧੜ ਦੀ ਦਰਦ ਭਰੀ ਗਾਥਾ

ਅਜੀਤ ਡੈਸਕ 14-04-2026
ਮੰਡੀ ਲੱਖੇਵਾਲੀ, 13 ਅਪ੍ਰੈਲ (ਮਿਲਖ ਰਾਜ)-ਵਿਧਾਨ ਸਭਾ ਹਲਕਾ ਮਲੋਟ ਦਾ ਪਿੰਡ ਗੰਧੜ ਅੱਜ ਇਕ ਵਾਰ ਮੁੜ ਬੇਹਾਲ ਹੈ | 31 ਮਾਰਚ ਸ਼ਾਮ ਦੇ ਕਰੀਬ 4 ਵਜੇ ਪਏ ਗੜਿ੍ਹਆਂ ਨੇ ਫ਼ਸਲਾਂ ਨੂੰ ਅਜਿਹਾ ਭੰਨਿਆ ਕਿ ਤਕਰੀਬਨ ਸਾਰੇ ਪਿੰਡ ਦਾ ਰਕਬਾ ਪੂਰੀ ਤਰ੍ਹਾਂ 100 ਫ਼ੀਸਦੀ ਬਰਬਾਦ ਹੋ ਗਿਆ | ਛੋਟੇ ਕਿਸਾਨਾਂ ਵਿਚ ਸਵਰਨ ਸਿੰਘ ਪੁੱਤਰ ਕੌਰ ਸਿੰਘ ਇਕ ਏਕੜ ਆਪਣੀ ਤੇ 7 ਏਕੜ ਠੇਕੇ, ਸੁਖਜਿੰਦਰ ਸਿੰਘ 2 ਏਕੜ ਆਪਣੀ ਤੇ 20 ਏਕੜ ਠੇਕੇ, ਠਾਣਾ ਸਿੰਘ ਪੁੱਤਰ ਮੰਗਲ ਸਿੰਘ 10 ਏਕੜ ਬਾਗ ਠੇਕੇ, ਗੁਰਲਾਲ ਸਿੰਘ ਪੁੱਤਰ ਹਰਨੇਕ ਸਿੰਘ 4 ਏਕੜ ਆਪਣੀ ਅਤੇ 20 ਏਕੜ ਠੇਕੇ, ਅੰਗਰੇਜ਼ ਸਿੰਘ ਪੁੱਤਰ ਬੀਰਾ ਸਿੰਘ 5 ਏਕੜ ਆਪਣੀ ਤੇ 15 ਏਕੜ ਠੇਕੇ 'ਤੇ ਸਮੇਤ ਸਾਰੇ ਪਿੰਡ ਦਾ ਕਰੀਬ 2500 ਏਕੜ ਰਕਬਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ | 'ਅਜੀਤ' ਵਲੋਂ ਵਿਸ਼ੇਸ਼ ਤੌਰ 'ਤੇ ਇਸ ਪਿੰਡ ਪੁੱਜ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ, ਤਾਂ ਉੱਥੇ ਮੌਜੂਦ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਕਿ ਸਾਡੀ ਪੂਰੀ ਜ਼ਿੰਦਗੀ ਵਿਚ ਤਬਾਹੀ ਦਾ ਇਹ ਪਹਿਲਾ ਅਜਿਹਾ ਮੰਜ਼ਰ ਹੈ, ਜਦੋਂ ਪੂਰਾ ਪਿੰਡ ਇਕ ਸਾਥ ਬੁਰੀ ਤਰ੍ਹਾਂ ਬਰਬਾਦ ਹੋਇਆ ਹੋਵੇ | ਉਨ੍ਹਾਂ ਦੱਸਿਆ ਕਿ ਅਜਿਹਾ ਵੀ ਨਹੀਂ ਹੈ ਕਿ ਪਿੰਡ 'ਤੇ ਇਹ ਪਹਿਲੀ ਆਫ਼ਤ ਆਈ ਹੋਵੇ | ਵਾਰ-ਵਾਰ ਕੁਦਰਤੀ ਕਰੋਪੀਆਂ ਦੀ ਮਾਰ ਝੱਲ ਰਹੇ ਇਸ ਪਿੰਡ ਨੂੰ ਤਾਂ ਹੁਣ ਸ਼ਾਇਦ ਇਨ੍ਹਾਂ ਕੁਦਰਤੀ ਕਰੋਪੀਆਂ ਨੂੰ ਝੱਲਣ ਦੀ ਆਦਤ ਜਿਹੀ ਬਣ ਗਈ ਹੈ | ਪਰ ਉਨ੍ਹਾਂ ਦੀ ਹੁਣ ਮੁੱਖ ਚਿੰਤਾ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਤਾਂ ਹੁਣ ਤੱਕ ਤੰਗੀਆਂ-ਤੁਰਸ਼ੀਆਂ ਝੱਲਦੀਆਂ ਜਿਵੇਂ-ਕਿਵੇਂ ਆਪਣਾ ਗੁਜ਼ਾਰਾ ਕਰ ਲਿਆ ਹੈ, ਲੇਕਿਨ ਨਵੀਂ ਪੀੜ੍ਹੀ ਲਈ ਇਹ ਬਹੁਤ ਔਖਾ ਹੈ | ਹੁਣ ਦੀ ਪੀੜ੍ਹੀ ਵਿਚ ਖ਼ਰਚਿਆਂ ਦੀ ਬੇਹੱਦ ਭਰਮਾਰ ਹੋ ਚੁੱਕੀ ਹੈ | ਲਿਹਾਜ਼ਾ ਖ਼ਰਚੇ ਪੂਰੇ ਕਰਨ ਲਈ ਉਹ ਜਾਂ ਤਾਂ ਵਿਦੇਸ਼ਾਂ ਵੱਲ ਮੁੱਖ ਮੋੜ ਰਹੇ ਹਨ ਜਾਂ ਫ਼ਿਰ ਛੋਟੀ-ਮੋਟੀ ਨੌਕਰੀ ਤੋਂ ਇਲਾਵਾ ਮਜ਼ਦੂਰ ਹਰਿਆਣਾ, ਰਾਜਸਥਾਨ ਵਿਚ ਜਾ ਕੇ ਮਿਹਨਤ-ਮਜ਼ਦੂਰੀ ਲਈ ਮਜ਼ਬੂਰ ਹੋ ਗਏ ਹਨ | ਪਿੰਡ ਦੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਗੰਧੜ ਨੇ ਦੱਸਿਆ ਕਿ 1986 ਤੱਕ ਇਹ ਪਿੰਡ ਨਹਿਰੀ ਪਾਣੀ ਦੀ ਵੱਡੀ ਘਾਟ ਨਾਲ ਜੂਝਦਾ ਰਿਹਾ ਹੈ | ਮੁਕੰਮਲ ਨਰਮਾ ਪੱਟੀ ਵਾਲਾ ਖੇਤਰ ਹੋਣ ਕਾਰਨ ਲੋਕਾਂ ਦਾ ਗੁਜ਼ਾਰਾ ਫ਼ਿਰ ਵੀ ਠੀਕ ਚੱਲਦਾ ਰਿਹਾ ਹੈ | 1986 ਵਿਚ ਪਹਿਲੀ ਵਾਰ ਇਲਾਕੇ 'ਚ ਭਾਰੀ ਮੀਂਹ ਪਏ | ਲਾਗਲੇ ਪਿੰਡ ਮਹਾਂਬੱਧਰ, ਭਾਗਸਰ ਤੇ ਚਿੱਬੜਾਂਵਾਲੀ ਦੇ ਖੇਤਾਂ ਤੋਂ ਚੱਲੇ ਫਾਲਤੂ ਮੀਂਹ ਦੇ ਪਾਣੀ ਨੇ ਪਿੰਡ ਨੂੰ ਅਜਿਹਾ ਘੇਰਾ ਪਾਇਆ ਕਿ ਫ਼ਸਲਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ | ਪਿੰਡ ਦੇ ਕੱਚੇ ਘਰ ਢਹਿ-ਢੇਰੀ ਹੋ ਗਏ | ਪਿੰਡ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਪਿੰਡ ਆਸਪਾਸ ਦੇ ਖੇਤਰ ਨਾਲੋਂ ਕਾਫ਼ੀ ਨੀਵਾਂ ਹੈ | ਪਿੰਡ ਦੀ ਹੱਦ ਦੇ ਦੂਰ-ਦੂਰ ਤੱਕ ਫਾਲਤੂ ਪਾਣੀ ਦੀ ਨਿਕਾਸੀ ਲਈ ਕੋਈ ਵੀ ਸੇਮਨਾਲਾ ਨਹੀਂ ਹੈ | ਥੋੜ੍ਹਾ ਜ਼ਿਆਦਾ ਮੀਂਹ ਪੈਣ ਬਾਅਦ ਆਸਪਾਸ ਦੇ ਖੇਤਰ ਦਾ ਸਾਰਾ ਪਾਣੀ ਝੀਂਲ ਦੇ ਰੂਪ ਵਿਚ ਪਿੰਡ ਦੇ ਚਾਰ-ਚੁਫ਼ੇਰੇ ਜਮ੍ਹਾਂ ਹੋ ਜਾਂਦਾ ਹੈ | ਸਮੇਂ ਦੀਆਂ ਵੱਖ-ਵੱਖ ਸਰਕਾਰਾਂ ਤੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਕਿਸੇ ਨੇ ਵੀ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ | ਰਹਿੰਦੀ-ਖੂੰਹਦੀ ਕਸਰ ਇਲਾਕੇ ਵਿਚ ਨਵੀਂ ਆਈ ਸੇਮ ਦੀ ਦਸਤਕ ਨੇ ਪੂਰੀ ਕਰਕੇ ਰੱਖ ਦਿੱਤੀ |
ਸੇਮ ਕਾਰਨ ਨਰਮੇ ਦੀ ਖੇਤੀ ਹੋਣੋਂ ਹਟ ਗਈ | ਝੋਨੇ ਦੀ ਫ਼ਸਲ ਲਈ ਨਹਿਰੀ ਪਾਣੀ ਦੀ ਤਾਂ ਪਹਿਲਾਂ ਤੋਂ ਹੀ ਕਿੱਲਤ ਹੈ ਤੇ ਝੋਨੇ ਲਈ ਸਭ ਤੋਂ ਵੱਧ ਜ਼ਰੂਰੀ ਧਰਤੀ ਹੇਠਲਾ ਪਾਣੀ ਖਾਰਾ ਤੇ ਨਾ-ਵਰਤਨਯੋਗ ਹੈ | ਸੇਮ ਕਾਰਨ ਹੇਠਲੇ ਜ਼ਮੀਨੀ ਪਾਣੀ ਦਾ ਪੱਧਰ ਸਿਰਫ਼ 5-6 ਫੁੱਟ 'ਤੇ ਆਉਣ ਕਾਰਨ ਬਾਗਬਾਨੀ ਵੀ ਨਹੀਂ ਕਰ ਸਕਦੇ | ਪਿੰਡ ਵਾਸੀਆਂ ਨੇ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ | ਵਾਰ-ਵਾਰ ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਪਿੰਡ ਦੇ ਨਹਿਰੀ ਪਾਣੀ ਨੂੰ ਵਧਾਇਆ ਜਾਵੇ ਤੇ ਸੇਮ ਦੇ ਪੱਕੇ ਹੱਲ ਲਈ ਸੇਮਨਾਲਾ ਪਿੰਡ ਤੱਕ ਬਣਾਇਆ ਜਾਵੇ |
ਪਿਛਲੀ ਖ਼ਬਰ 8ਵੀਂ ਦੇ ਨਤੀਜੇ 'ਚ ਨਿਖਲ ਪਾਂਡੇ ਨੇ ਮੈਰਿਟ ਸੂਚੀ 'ਚ 10ਵਾਂ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਵਿਸਾਖੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।