ਪਟਿਆਲਾ, 23 ਜੂਨ (ਮਨਦੀਪ ਸਿੰਘ ਖਰੌੜ)-ਪਿਛਲੇ 15 ਦਿਨਾਂ ਤੋਂ ਪੰਜਾਬ ਦੇ ਸਿਹਤ ਮੰਤਰੀ ਦੇ ਘਰ ਅੱਗੇ ਧਰਨਾ ਲਗਾ ਕੇ ਪੱਕੀ ਨੌਕਰੀ ਹਾਸਲ ਦੀ ਮੰਗ ਕਰ ਰਹੇ ਕੋਰੋਨਾ ਯੋਧਿਆਂ ਦੀ ਬੈਠਕ 29 ਜੂਨ ਨੂੰ ਮੁੱਖ ਮੰਤਰੀ ਨਾਲ ਤਹਿ ਹੋਣ ਦਾ ਲਿਖਤੀ ਪੱਤਰ ਮਿਲਣ ਤੋਂ ਬਾਅਦ ਟੈਂਕੀ ਉਤੇ ਬੈਠੀਆਂ ਧਰਨਾਕਾਰੀ ਬੀਬੀਆਂ ਹੇਠਾਂ ਉਤਰ ਆਈਆਂ ਹਨ। ਟੈਂਕੀ ਉਤੇ ਬੈਠ ਕੇ ਧਰਨਾ ਦੇ ਰਹੀ ਇਕ ਲੜਕੀ ਚਰਨਜੀਤ ਕੌਰ ਦੀ ਸਿਹਤ ਖਰਾਬ ਹੋ ਗਈ ਸੀ ਜਿਸ ਨੂੰ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ ਗਿਆ ਹੈ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਸੰਬੰਧੀ ਐਸ.ਡੀ.ਐਮ. ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਧਰਨਾਕਾਰੀਆਂ ਨਾਲ ਮੁਲਾਕਾਤ ਹੋਣ ਤੋਂ ਮੁੱਖ ਮੰਤਰੀ ਨਾਲ ਚੰਡੀਗੜ੍ਹ ਵਿਖੇ 29 ਜੂਨ ਨੂੰ ਬੈਠਕ ਤਹਿ ਹੋਣ ਦੀ ਲਿਖਤੀ ਚਿੱਠੀ ਧਰਨਾਕਾਰੀਆਂ ਨੂੰ ਸੌਂਪੀ ਜਿਸ ਤੋਂ ਬਾਅਦ ਧਰਨਾਕਾਰੀ ਟੈਂਕੀ ਉਪਰੋਂ ਹੇਠਾਂ ਆਉਣ ਲਈ ਤਿਆਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਬੈਠਕ ਵਿਚ ਕੋਰੋਨਾ ਯੋਧਿਆਂ ਦਾ ਮਸਲਾ ਹੱਲ ਹੋਣਾ ਲਗਪਗ ਤਹਿ ਹੈ। ਐਸ.ਡੀ.ਐਮ. ਧੰਮ ਨੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਧਰਨਾਕਾਰੀਆਂ ਲਈ ਸੁਰੱਖਿਆ ਦਾ ਪੂਰਾ ਪ੍ਰਬੰਧ ਹੈ। ਉਨ੍ਹਾਂ ਕਿਹਾ ਇਥੇ ਇਕ ਐਬੂਲੈਂਸ, ਅਤੇ ਫਾਇਰਬ੍ਰਿਗੇਡ ਦੀ ਗੱਡੀ ਹਰ ਵੇਲੇ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਧਰਨਾਕਾਰੀਆਂ ਨਾਲ ਬੈਠਕ ਹੋਈ ਸੀ ਉਨ੍ਹਾਂ ਕੋਰੋਨਾ ਯੋਧਿਆਂ ਨੂੰ ਟੈਂਕੀ ਤੋਂ ਉਤਰਨ ਦੀ ਬੇਨਤੀ ਕੀਤੀ ਸੀ ਤੇ ਕਿਹਾ ਸੀ ਕਿ ਗਰਮੀ ਜਿਆਦਾ ਹੋਣ ਕਾਰਨ ਕਿਸੇ ਦੀ ਵੀ ਸਿਹਤ ਬਿਗੜ ਸਕਦੀ ਹੈ। ਦੂਜੇ ਪਾਸੇ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਪੱਕੀ ਨੌਕਰੀ ਨਹੀਂ ਦਿੰਦੀ ਉਦੋਂ ਤੱਕ ਉਹ ਧਰਨਾ ਨਹੀਂ ਚੁੱਕਣਗੇ।