ਪਟਿਆਲਾ, 23 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਪਿਛਲੇ ਦਿਨਾਂ ਤੋਂ ਪਟਿਆਲਾ ਵਿਚ ਬਤੌਰ ਭਾਜਪਾਈ ਆਗੂ ਸਰਗਰਮੀਆਂ ਕਰ ਰਹੇ ਕਰਨ ਕੌੜਾ ਵਲੋਂ ਲੰਘੇ ਦਿਨੀਂ ਦਿੱਤੇ ਇਕ ਬਿਆਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਮੁਸਲਿਮ ਜਥੇਬੰਦੀਆਂ ਅਤੇ ਕੱਝ ਸਿੱਖ ਆਗੂ ਵੀ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਸ ਸੰਬੰਧੀ ਮੰਗ ਪੱਤਰ ਦੇਣ ਪਹੁੰਚੇ। ਇਨ੍ਹਾਂ ਆਗੂਆਂ ਦੀ ਮੰਗ ਸੀ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮੁੱਦੇ ਨੂੰ ਲੈ ਕੇ ਕਰਨ ਕੌੜਾ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਅੱਜ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿਚ ਮੁਸਲਿਮ ਸਮਾਜ ਦੇ ਲੋਕਾਂ ਵਲੋਂ ਕਰਨ ਕੌੜਾ ਦਾ ਪੁਤਲਾ ਵੀ ਫੂਕਿਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਭਾਜਪਾ ਵਲੋਂ ਕਰਨ ਕੌੜਾ ਦੇ ਇਸ ਬਿਆਨ ਤੋਂ ਬਿਲਕੁਲ ਕਿਨਾਰਾ ਕਰ ਲਿਆ ਗਿਆ ਹੈ। ਸ਼ਾਹੀ ਪਰਿਵਾਰ ਸਮਰਥਕ ਸਮਝੇ ਜਾਂਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਜੇ ਕੁਮਾਰ ਕੂਕਾ ਮੁਤਾਬਿਕ ਕਰਨ ਕੌੜਾ ਕੋਲ ਭਾਜਪਾ ਦਾ ਕੋਈ ਵੀ ਅਹੁਦਾ ਨਹੀਂ ਹੈ। ਉਨ੍ਹਾਂ ਜੋ ਕੱਝ ਵੀ ਕਿਹਾ ਉਹ ਉਨ੍ਹਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ। ਉਨ੍ਹਾਂ ਦੇ ਵਿਚਾਰਾਂ ਨਾਲ ਭਾਜਪਾ ਦਾ ਜਾਂ ਭਾਜਪਾ ਦੀ ਪਟਿਆਲਾ ਲੀਡਰਸ਼ਿਪ ਦਾ ਕਿਸੇ ਕਿਸਮ ਦਾ ਕੋਈ ਵੀ ਨਾਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਬਿਆਨਬਾਜ਼ੀ ਨਾਲ ਆਪਸੀ ਭਾਈਚਾਰਕ ਸਾਂਝ ਨਫ਼ਰਤ ਵਿਚ ਬਦਲਦੀ ਹੋਵੇ ਉਸ ਨੂੰ ਕਦੇ ਹੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਮੁਸਲਿਮ ਸਮਾਜ ਦੇ ਲੋਕਾਂ ਵਲੋਂ ਵੀ ਪੁਤਲਾ ਫੂਕਣ ਮੌਕੇ ਇਹ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਬਿਆਨ ਜਿਸ ਵਿਚ ਇਕ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਉਹ ਆਪਸੀ ਭਾਈਚਾਰਕ ਸਾਂਝ ਜੋ ਸੂਬੇ ਦੀ ਪਹਿਚਾਣ ਹੈ ਨੂੰ ਲਾਂਬੂ ਲਾਉਣ ਦਾ ਕੰਮ ਕਰੇਗੀ। ਇਸ ਸੰਬੰਧੀ ਕਰਨ ਕੌੜਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।