ਹੰਬੜਾਂ, 23 ਜੂਨ (ਮੇਜਰ ਹੰਬੜਾਂ)-ਉੱਤਰਾਖੰਡ ਰਾਜ ’ਚ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਗਏ ਪੰਜਾਬੀ ਯਾਤਰੀਆਂ ’ਤੇ ਉੱਥੋਂ ਦੇ ਹੁਲੜਬਾਜ਼ਾਂ ਵਲੋਂ ਸਿੱਖਾਂ ਦੀ ਕੁੱਟਮਾਰ ਸਮੇਂ ਆਪਣੇ ਸ਼ਸ਼ਤਰ ਲੈ ਕੇ ਬਚਾਅ ਕਰ ਰਹੇ ਸਿੰਘਾਂ ਉੱਪਰ ਹੀ ਪੁਲਿਸ ਵੱਲੋਂ ਸਖ਼ਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਡੱਕੇ ਜਾਣਾ ਬਿਪਰਵਾਦ ਹਕੂਮਤ ਦੀ ਨਿੰਦਣਯੋਗ ਕਾਰਵਾਈ ਹੈ। ਇਹ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਥੇਦਾਰ ਸੁਖਦੇਵ ਸਿੰਘ ਚੱਕ ਨੇ ਉੱਤਰਾਖੰਡ ’ਚ ਬਿਪਰਵਾਦ ਨੂੰ ਇਸ ਲਈ ਜ਼ਿੰਮੇਵਾਰ ਦੱਸਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉੱਤਰਾਖੰਡ ’ਚ ਬਿਪਰਵਾਦ ਵੱਲੋਂ ਸਰਕਾਰ ਦੇ ਤਖ਼ਤ ਦੇ ਜ਼ੋਰ ਦੇ ਨਾਲ ਨਿਹੰਗ ਸਿੰਘਾਂ ਦੇ ਬਾਣੇ ’ਤੇ ਜੋ ਹਮਲਾ ਹੋਇਆ ਉਹ ਸਿੱਖਾਂ ਦੀ ਗੂੜੀ ਗੁਲਾਮੀ ਦਾ ਪ੍ਰਤੀਕ ਹੈ। ਸਾਰੀ ਕੌਮ ਨੂੰ ਪ੍ਰਸ਼ਾਸਨ ਤੋਂ ਇਨਸਾਫ਼ ਦੀ ਬਜਾਏ ਇਹ ਗੱਲ ਦਿਲ ਦੀਆਂ ਗਹਿਰਾਈਆਂ ਤੋਂ ਮੰਨ ਲੈਣੀ ਅਤੇ ਕਹਿ ਦੇਣੀ ਚਾਹੀਦੀ ਹੈ ਕਿ ਸਾਨੂੰ ਬਿਪਰਵਾਦ ਗੁਲਾਮੀ ਦਾ ਪ੍ਰਤੀਕ ਬਣਕੇ ਬਾਣੀ ਅਤੇ ਬਾਣੇ ’ਤੇ ਹਮਲਾ ਕਰਕੇ ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦਾ ਹੈ। ਅਸੀਂ ਇਸ ਗੁਲਾਮੀ ਤੋਂ ਨਿਕਲਣ ਦੇ ਲਈ ਬਾਣੀ ਅਤੇ ਬਾਣੇ ਦੀ ਹੌਂਦ ਨੂੰ ਪ੍ਰਚੱਲਿਤ ਕਰਨਾ ਹੈ। ਜੱਥੇ: ਚੱਕ ਨੇ ਕਿਹਾ ਕਿ ਇਹ ਜਿਹੜੇ ਲੋਕ ਅਤੇ ਆਗੂ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹ ਅਜੇ ਵੀ ਕੌਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ. ਚੱਕ ਨੇ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਸਿੱਖ ਕੌਮ ਸਿੱਖ ਵਿਰੋਧੀ ਹਕੂਮਤਾਂ ਵਿਰੁੱਧ ਇੱਕਜੁੱਟ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਅੱਗੇ ਆਉਣ।
ਉੱਤਰਾਖੰਡ ਵਿਖੇ ਬਿਪਰਵਾਦ ਵਲੋਂ ਬਾਣੇ ’ਤੇ ਕੀਤਾ ਗਿਆ ਹਮਲਾ ਗੁਲਾਮੀ ਦਾ ਪ੍ਰਤੀਕ-ਜਥੇ: ਚੱਕ
ਅਜੀਤ ਡੈਸਕ
24-06-2026