ਸਨੌਰ, 30 ਮਾਰਚ (ਸੋਖਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਹਲਕਾ ਸਨੌਰ ਦੀ ਫੇਰੀ ਤੋਂ ਬਾਅਦ ਸਿਆਸੀ ਮਾਹੌਲ ਗਰਮ ਹੋ ਗਿਆ ਹੈ | ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਮਾਨ ਦੇ ਸੰਬੋਧਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ 48 ਕਰੋੜ ਰੁਪਏ ਦੇ ਕਰੀਬ ਕੰਮਾਂ ਦਾ ਉਦਘਾਟਨ ਕਰਨ ਦਾ ਦਾਅਵਾ ਕੀਤਾ, ਪਰ ਇਹ ਸਭ ਕੁਝ ਜਮੀਨੀ ਪੱਧਰ 'ਤੇ ਨਜ਼ਰ ਨਹੀਂ ਆ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਇੰਨਾ ਵੱਡਾ ਵਿਕਾਸ ਹੋਇਆ ਹੁੰਦਾ ਤਾਂ ਸਨੌਰ ਦੀ ਫਿਰਨੀ ਤੇ ਦੇਵਿਗੜ੍ਹ ਤੱਕ ਟੁੱਟੀਆਂ ਸੜਕਾਂ ਲੋਕਾਂ ਨੂੰ ਨਾ ਵੇਖਣੀਆਂ ਪੈਂਦੀਆਂ | ਲੋਕ ਖੁਦ ਹਰ ਰੋਜ ਇਨ੍ਹਾਂ ਰਾਹਾਂ 'ਤੇ ਆਵਾਜਾਈ ਕਰਦੇ ਹਨ ਅਤੇ ਉਨ੍ਹਾਂ ਨੂੰ ਹਕੀਕਤ ਦਾ ਪੂਰਾ ਅਹਿਸਾਸ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਡੇ-ਵੱਡੇ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਹਕੀਕਤ ਵਿਚ ਹਲਕੇ ਦੇ ਬੁਨਿਆਦੀ ਮੁੱਦੇ ਅਜੇ ਵੀ ਜਿਉਂ ਦੇ ਤਿਉਂ ਹਨ | ਨਹਿਰੀ ਪਾਣੀ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਚੰਦੂਮਾਜਰਾ ਨੇ ਦੱਸਿਆ ਕਿ ਇਸ ਨੂੰ ਉਨ੍ਹਾਂ ਦੀ ਸਰਕਾਰ ਵਲੋਂ ਮਨਜੂਰੀ ਮਿਲੀ ਸੀ, ਪਰ ਸਰਕਾਰ ਬਦਲਣ ਨਾਲ ਇਹ ਯੋਜਨਾ ਠੱਪ ਹੋ ਗਈ ਸੀ | ਮੁੱਖ ਮੰਤਰੀ ਮਾਨ ਦੇ ਹੈਲੀਕਾਪਟਰ ਰਾਹੀਂ ਆਉਣ ਵਾਲੇ ਬਿਆਨ 'ਤੇ ਵੀ ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਜਦਕਿ ਮਾਨ ਵਿਰੋਧੀਆਂ 'ਤੇ ਇਲਜਾਮ ਲਗਾਉਂਦੇ ਹਨ, ਉਹ ਖੁਦ ਵੀ ਉਹੀ ਰਾਹ ਅਪਣਾ ਰਹੇ ਹਨ | ''ਜਮੀਨ ਨਾਲ ਜੁੜੇ ਰਹਿਣU ਦੇ ਦਾਅਵੇ 'ਤੇ ਚੰਦੂਮਾਜਰਾ ਨੇ ਤਨਜ ਕਰਦਿਆਂ ਕਿਹਾ ਕਿ ਸਨੌਰ ਦੀ ਫਿਰਨੀ ਤੋਂ ਦੇਵੀਗੜ੍ਹ ਤੱਕ ਆਉਂਦਿਆਂ ਉਨ੍ਹਾਂ ਦੀਆਂ ਅੱਖਾਂ ਬੰਦ ਰਹਿੰਦੀਆਂ ਹਨ, ਪਰ ਮਾਰਕੀਟ ਕਮੇਟੀਆਂ ਵਿਚ ਜਾ ਕੇ ਖੁਲ ਜਾਂਦੀਆਂ ਹਨ | ਇਸ ਬਿਆਨ ਨਾਲ ਹਲਕਾ ਸਨੌਰ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਗਰਮਾਹਟ ਆ ਗਈ ਹੈ |