17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਨਰਸਾਂ ਦੀ ਸੂਬਾ ਪੱਧਰੀ ਹੜਤਾਲ ਪੰਜਵੇਂ ਦਿਨ ਵੀ ਰਹੀ ਜਾਰੀ

ਅਜੀਤ ਡੈਸਕ 31-03-2026
ਪਟਿਆਲਾ, 30 ਮਾਰਚ (ਮਨਦੀਪ ਸਿੰਘ ਖਰੌੜ)-ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ਼ ਪੰਜਾਬ ਦੀ ਅਗਵਾਈ ਹੇਠ ਚੱਲ ਰਹੀ ਸਟਾਫ਼ ਨਰਸਿਜ਼ ਦੀ ਸੂਬਾ ਪੱਧਰੀ ਹੜਤਾਲ, ਜੋ ਕਿ ਆਪਣੀ ਹੱਕੀ ਮੰਗ ਗ੍ਰੇਡ ਪੇਅ ਸੰਸ਼ੋਧਨ ਨੂੰ ਲੈ ਕੇ ਕੀਤੀ ਜਾ ਰਹੀ ਹੈ, ਅੱਜ ਪੰਜਵੇਂ ਦਿਨ ਵੀ ਜਾਰੀ ਰਹੀ | ਯੂਨਾਈਟਿਡ ਨਰਸਿਜ ਐਸੋਸੀਏਸ਼ਨ ਆਫ਼ ਪੰਜਾਬ ਦੇ ਸੂਬਾ ਪ੍ਰਧਾਨ ਰਮਨਜੀਤ ਸਿੰਘ ਗਿੱਲ ਨੇ ਕਿਸਾਨ ਮਜ਼ਦੂਰ ਸੰਘਰਸ ਮੋਰਚਾ ਦੇ ਸੂਬਾ ਪ੍ਰਧਾਨ ਸਰਵਣ ਸਿੰਘ ਪੰਧੇਰ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਨੇ ਸਰਕਾਰ ਵਲੋਂ ਨਰਸਿੰਗ ਕੇਡਰ ਦੇ ਜਾਇਜ਼ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ ਤੇ ਐਸਮਾਂ ਐਕਟ ਲਗਾਉਣ ਅਤੇ ਐਕਸ਼ਨ ਲੈਣ ਵਰਗੀਆਂ ਚਿੱਠੀਆਂ ਕੱਢਣ ਦੇ ਸਰਕਾਰ ਦੇ ਕਦਮਾਂ ਦੀ ਨਿਖੇਧੀ ਕੀਤੀ ਅਤੇ ਨਰਸਿੰਗ ਕੇਡਰ ਦੀ ਮੰਗ ਨੂੰ ਬਿਲਕੁਲ ਜਾਇਜ਼ ਠਹਿਰਾਉਂਦੇ ਹੋਏ ਐਸੋਸੀਏਸ਼ਨ ਦੇ ਪੁਰਜ਼ੋਰ ਸਮਰਥਨ ਦਾ ਐਲਾਨ ਕਰ ਦਿੱਤਾ ਅਤੇ ਕੇਡਰ ਦੇ ਇਸ ਮੁੱਦੇ ਨੂੰ ਆਲ ਇੰਡੀਆ ਕਿਸਾਨ ਯੂਨੀਅਨ ਦੀ ਹਰਿਆਣਾ ਵਿਖੇ ਹੋਣ ਵਾਲੀ ਮੀਟਿੰਗ ਵਿਚ ਵੀ ਵਿਚਾਰਨ ਦਾ ਭਰੋਸਾ ਦਿੱਤਾ | ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਧਰਨੇ ਵਿਚ ਸ਼ਿਰਕਤ ਕਰਕੇ ਸਟਾਫ਼ ਨਰਸਿਜ ਦੀ ਹੌਸਲਾ ਅਫਜਾਈ ਕੀਤੀ | ਉਨ੍ਹਾਂ ਨੇ ਨਰਸਿੰਗ ਸਟਾਫ਼ ਨੂੰ ਆਪਣੀਆਂ ਹੱਕੀ ਮੰਗਾਂ ਲਈ ਡਟੇ ਰਹਿਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਜਦਕਿ ਸਰਕਾਰ ਵਲੋਂ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਹੈ, ਜੋ ਕਿ ਬੇਹੱਦ ਨਿੰਦਣਯੋਗ ਹੈ | ਉਨ੍ਹਾਂ ਨੇ ਆਪਣੀ ਫੈਡਰੇਸ਼ਨ ਵਲੋਂ ਯੂਨਾਈਟਿਡ ਨਰਸਿਜ ਐਸੋਸੀਏਸ਼ਨ ਆਫ਼ ਪੰਜਾਬ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਮਰੀਜ਼ ਮਿੱਤਰਾਂ ਦੇ ਪ੍ਰਧਾਨ ਗੁਰਮੁਖ ਗੁਰੂ ਵਲੋਂ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ | ਯੂਨਾਈਟਿਡ ਨਰਸਿਜ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਡੀ.ਆਰ.ਐਮ.ਈ. ਵਲੋਂ ਜਾਰੀ ਕੀਤੀ ਗਈ ਐਸਮਾ ਸੰਬੰਧੀ ਚਿੱਠੀ ਦਾ ਜਵਾਬ ਵੀ ਭੇਜਿਆ ਗਿਆ ਹੈ |
ਪਿਛਲੀ ਖ਼ਬਰ ਖੇਤੀਬਾੜੀ ਵਿਕਾਸ ਬੈਂਕ ਦੇਵੀਗੜ੍ਹ ਦਾ ਆਮ ਇਜਲਾਸ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ 'ਉਦਘਾਟਨ ਬਹੁਤ, ਕੰਮ ਕਿੱਥੇ?'-ਸਾਬਕਾ ਵਿਧਾਇਕ ਚੰਦੂਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।