ਕੂੜਾ ਡੰਪ ਅਤੇ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਹਰਿੰਦਰਾ ਨਗਰ ਵਾਸੀ ਪ੍ਰੇਸ਼ਾਨ
ਫ਼ਰੀਦਕੋਟ, 5 ਸਤੰਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਸਫ਼ਾਈ ਅਭਿਆਨ ਸਿਰਫ਼ ਖ਼ਬਰਾਂ ਅਤੇ ਇਸ਼ਤਿਹਾਰਾਂ ਤੱਕ ਹੀ ਸੀਮਤ ਨਜ਼ਰ ਆਉਂਦੇ ਹਨ ਜਦੋਂ ਕਿ ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਦਾ ਸਫ਼ਾਈ ਪੱਖੋਂ ਬਹੁਤ ਹੀ ਮਾੜਾ ਹਾਲ ਹੈ। ਸਫ਼ਾਈ ਮੁਲਾਜ਼ਮਾਂ ਦੀ ਘਾਟ ਕਾਰਨ ਮਸਾਂ ਹਫ਼ਤੇ ਵਿਚ ਇਕ ਵਾਰ ਹੀ ਸਫ਼ਾਈ ਸੇਵਕ ਅਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦਾ ਗੇੜਾ ਲੱਗਦਾ ਹੈ।
ਫ਼ਰੀਦਕੋਟ, 5 ਸਤੰਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਸਫ਼ਾਈ ਅਭਿਆਨ ਸਿਰਫ਼ ਖ਼ਬਰਾਂ ਅਤੇ ਇਸ਼ਤਿਹਾਰਾਂ ਤੱਕ ਹੀ ਸੀਮਤ ਨਜ਼ਰ ਆਉਂਦੇ ਹਨ ਜਦੋਂ ਕਿ ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਦਾ ਸਫ਼ਾਈ ਪੱਖੋਂ ਬਹੁਤ ਹੀ ਮਾੜਾ ਹਾਲ ਹੈ। ਸਫ਼ਾਈ ਮੁਲਾਜ਼ਮਾਂ ਦੀ ਘਾਟ ਕਾਰਨ ਮਸਾਂ ਹਫ਼ਤੇ ਵਿਚ ਇਕ ਵਾਰ ਹੀ ਸਫ਼ਾਈ ਸੇਵਕ ਅਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦਾ ਗੇੜਾ ਲੱਗਦਾ ਹੈ। ਜਿਸ ਕਾਰਨ ਮੁਹੱਲਿਆਂ ਵਿਚ ਹਫਤਾ ਹਫਤਾ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਹਰਿੰਦਰਾ ਨਗਰ ਵਿਖੇ ਵੀ ਸਫ਼ਾਈ ਦਾ ਮੰਦਾ ਹਾਲ ਹੈ। ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇਹ ਕੂੜਾ ਚੁੱਕਣ ਦੀ ਜਗ੍ਹਾ ਇਸ ਨੂੰ ਉਸੇ ਜਗ੍ਹਾ ’ਤੇ ਸਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਕਾਰਨ ਜਿੱਥੇ ਪ੍ਰਦੂਸ਼ਨ ਫ਼ੈਲਦਾ ਹੈ ਉੱਥੇ ਨਾਲ ਹੀ ਕੂੜਾ ਪੂਰੀ ਤਰ੍ਹਾਂ ਨਾ ਸੜਨ ਕਾਰਨ ਹੋਰ ਗੰਦਗੀ ਫ਼ੈਲਦੀ ਹੈ ਅਤੇ ਬਿਮਾਰੀਆਂ ਫ਼ੈਲਦੀਆਂ ਹਨ। ਹਰਿੰਦਰਾ ਨਗਰ ਵਿਖੇ ਬਾਬਾ ਫ਼ਰੀਦ ਸਕੂਲ ਨੂੰ ਜਾਂਦੀ ਸੜਕ ’ਤੇ ਗਲੀ ਨੰਬਰ 6 ਵਿਚ ਨਾਲੀਆਂ ਹਮੇਸ਼ਾਂ ਕੁੜੇ ਕਰਕਟ ਨਾਲ ਜਾਮ ਰਹਿੰਦੀਆਂ ਹਨ ਅਤੇ ਨਾਲੀਆਂ ਦਾ ਗੰਦਾ ਪਾਣੀ ਗਲੀ ਵਿਚ ਭਰਿਆ ਰਹਿੰਦਾ ਹੈ। ਲੋਕਾਂ ਨੂੰ ਲੰਘਣਾ ਟੱਪਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਗੰਦੇ ਪਾਣੀ ਦੀ ਹਮੇਸ਼ਾਂ ਬਦਬੂ ਫ਼ੈਲਦੀ ਰਹਿੰਦੀ ਹੈ। ਅੱਗੇ ਇਨ੍ਹਾਂ ਨਾਲੀਆਂ ਦਾ ਪਾਣੀ ਗਲੀ ਨੰਬਰ 3, ਬਲਿਊ ਆਈਸ ਹੋਟਲ ਵਾਲੀ ਗਲੀ ਵਿਚ ਬਣੇ ਨਾਲੇ ਵਿਚ ਪੈਂਦਾ ਹੈ ਅਤੇ ਇਸ ਨਾਲੇ ਦੀ ਕਿਸੇ ਵੀ ਪਾਸੇ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਅਤੇ ਪਾਣੀ ਹਮੇਸ਼ਾਂ ਇਸ ਨਾਲੇ ਵਿਚ ਖੜਾ ਰਹਿੰਦਾ ਹੈ। ਜਿੱਥੇ ਹਮੇਸ਼ਾਂ ਮਛੱਰਾਂ ਅਤੇ ਮੱਖੀਆਂ ਪੈਦਾ ਹੁੰਦੀਆਂ ਹਨ ਅਤੇ ਇਹ ਸਾਰਾ ਕੁਝ ਬਿਮਾਰੀ ਦਾ ਕਾਰਨ ਬਣਦੀਆਂ ਹਨ। ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਵੀ ਇਸ ਨਾਲੇ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਬਾਰਸ਼ਾਂ ਦੌਰਾਨ ਤਾਂ ਇਹ ਗਲੀ ਗੋਡੇ ਗੋਡੇ ਪਾਣੀ ਨਾਲ ਹੀ ਭਰੀ ਰਹਿੰਦੀ ਹੈ। ਗਲੀ ਦੇ ਵਸਨੀਕ ਐਡਵੋਕੇਟ ਜਸਕੀਰਤ ਸਿੰਘ ਬਾਵਾ, ਦਵਿੰਦਰ ਸਿੰਘ, ਵਰਿੰਦਰ ਕੁਮਾਰ ਸ਼ਰਮਾ ਆਦਿ ਨੇ ਕਿਹਾ ਕਿ ਉਨ੍ਹਾਂ ਦੀ ਗਲੀ ਵਿਚ ਬਣੇ ਨਾਲੇ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਾਲੀਆਂ ਦੀ ਸਫ਼ਾਈ ਰੋਜ ਦੀ ਰੋਜ ਕਰਵਾਈ ਜਾਵੇ ਅਤੇ ਕੂੜੇ ਦੇ ਲੱਗੇ ਢੇਰਾਂ ਨੂੰ ਚੁਕਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਹੱਲੇ ਵਿਚ ਘਰਾਂ ’ਚੋਂ ਕੂੜਾ ਚੁੱਕਣ ਵਾਲੀ ਗੱਡੀ ਹਫ਼ਤੇ ਵਿਚ ਮਸਾਂ ਇਕ ਵਾਰੀ ਹੀ ਆਉਂਦੀ ਹੈ ਜਿਸ ਕਾਰਨ ਕਾਫੀ ਕੂੜਾ ਇਕੱਠਾ ਹੋ ਜਾਂਦਾ ਹੈ। ਕਈ ਵਾਰ ਸ਼ਿਕਾਇਤ ਕਰਨ ’ਤੇ ਵੀ ਇਹ ਮਸਲਾ ਹੱਲ ਨਹੀਂ ਹੋਇਆ ਅਤੇ ਲੋਕਾਂ ਨੂੰ ਮਜਬੂਰਨ ਆਪਣੇ ਘਰ ਦਾ ਕੂੜਾ ਬਾਹਰ ਸੁੱਟਣਾ ਪੈਂਦਾ ਹੈ।