ਚੇਤਨਪੁਰਾ, 22 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਕੇਂਦਰ ਸਰਕਾਰ ਹਮੇਸ਼ਾ ਹੀ ਸਰਮਾਏਦਾਰੀ ਨੂੰ ਉੱਚਾ ਚੁੱਕਣ ਲਈ ਅਨੇਕਾਂ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਨਿਵਾਜ਼ਦੀ ਹੈ ਅਤੇ ਗਰੀਬ ਦਿਹਾੜੀਦਾਰ ਕਾਮਿਆਂ ਦਾ ਰੁਜ਼ਗਾਰ ਖੋਹਣ ਲਈ ਹਮੇਸ਼ਾ ਹੀ ਟੇਢੇ ਢੰਗ ਨਾਲ ਵੱਖ-ਵੱਖ ਤਬਦੀਲੀਆਂ ਕਰਨ ਦੇ ਬਹਾਨੇ ਉਨ੍ਹਾਂ ਨੂੰ ਦਾ ਰੁਜ਼ਗਾਰ ਖੋਹਣ ਲਈ ਕੋਝੀਆਂ ਸਕੀਮਾਂ ਬਣਾਈਆਂ ਜਾਂਦੀਆਂ ਹਨ | ਇਸੇ ਹੀ ਲੜੀ ਤਹਿਤ ਮਨਰੇਗਾ ਕਾਮਿਆਂ ਦਾ ਰੁਜ਼ਗਾਰ ਖੋਹਣ ਲਈ ਫਿਰ ਦੁਬਾਰਾ ਕੇਂਦਰ ਸਰਕਾਰ ਵਲੋਂ ਨਵੀਂ ਨੀਤੀ ਘੜੀ ਜਾ ਰਹੀ ਹੈ, ਜਿਸ ਦਾ ਕਾਂਗਰਸ ਪਾਰਟੀ ਜਬਰਦਸਤ ਵਿਰੋਧ ਕਰਦੀ ਹੈ ਅਤੇ ਕਰਦੀ ਰਹੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਨਿਜ਼ਾਮਪੁਰਾ ਵਿਖੇ 'ਮਨਰੇਗਾ ਬਚਾਓ ਸੰਗਰਾਮ' ਮੁਹਿੰਮ ਤਹਿਤ ਵਿਸ਼ੇਸ਼ ਮੀਟਿੰਗ ਮੌਕੇ ਭਰਵੀਂ ਇਕੱਤਰਤਾ ਨੂੰ ਸੰਬੋਧਨ ਦੌਰਾਨ ਮਨਰੇਗਾ ਕਾਮਿਆਂ ਨੂੰ ਰੁਜ਼ਗਾਰ ਪ੍ਰਤੀ ਜਾਗਰੂਕ ਕਰਦਿਆਂ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਗਰੀਬਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਚੱਲ ਰਹੀ ਲੜਾਈ ਹੁਣ ਪੂਰੇ ਪੰਜਾਬ ਦੀ ਆਵਾਜ਼ ਬਣ ਚੁੱਕੀ ਹੈ, ਕਾਂਗਰਸ ਪਾਰਟੀ ਮਨਰੇਗਾ ਨੂੰ ਕਮਜ਼ੋਰ ਕਰਨ ਵਾਲੀ ਹਰ ਚਾਲ ਦਾ ਤਿੱਖਾ ਵਿਰੋਧ ਕਰੇਗੀ ਅਤੇ ਮਨਰੇਗਾ ਕਾਮਿਆਂ ਨਾਲ ਕਾਂਗਰਸ ਪਾਰਟੀ ਹਮੇਸ਼ਾਂ ਚਟਾਂਨ ਵਾਂਗ ਖੜੀ ਰਹੇਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ 'ਚ ਬਦਲਾਅ ਕਰ ਕੇ ਗਰੀਬਾਂ ਦੇ ਚੁੱਲ੍ਹੇ ਠੰਢੇ ਕਰਨ ਦੀ ਸਾਜ਼ਿਸ਼ ਕਰ ਰਹੀ ਹੈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਪ੍ਰਸ਼ੋਤਮ ਸਿੰਘ ਬਾਠ, ਬਲਵਿੰਦਰ ਸਿੰਘ ਹਰਦੋਪੁਤਲੀ, ਗੁਰਸ਼ਰਨ ਸਿੰਘ ਫਿਰਵਰਿਆਹ, ਸਰਵਨ ਸਿੰਘ, ਬਲਾਕ ਪ੍ਰਧਾਨ ਰਾਜਵੀਰ ਸਿੰਘ ਮੱਧੂਸ਼ਾਗਾਂ, ਅਰਵਿੰਦਰ ਸਿੰਘ ਜੈਟੀ ਅੱਬੂਸੈੱਦ, ਨਿਰਮਲ ਸਿੰਘ ਕੋਟਲਾ, ਬਲਵਿੰਦਰ ਸਿੰਘ ਹਰਦੋਪੁਤਲੀ, ਸੋਨਾ ਫਿਰਵਰਿਆਹ, ਪ੍ਰਤਾਪ ਸਿੰਘ, ਰਸਾਲ ਸਿੰਘ, ਰੇਸ਼ਮ ਸਿੰਘ ਨਵਾਂ ਪਿੰਡ, ਬਲਦੇਵ ਸਿੰਘ, ਨਰਿੰਦਰ ਸਿੰਘ, ਕੁਲਵਿੰਦਰ ਸਿੰਘ, ਜਰਮਲ ਸਿੰਘ, ਕੁਲਦੀਪ ਸਿੰਘ, ਅੰਮਿ੍ਤ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ |