ਚੱਬਾ, 22 ਜਨਵਰੀ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ 27 ਜਨਵਰੀ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਬਾਬਾ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ 25 ਜਨਵਰੀ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ ਜਿਨ੍ਹਾਂ ਦੇ ਭੋਗ 27 ਜਨਵਰੀ ਨੂੰ ਪੈਣ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ, ਜਿਸ ਵਿਚ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਪੰਥ ਦੇ ਪ੍ਰਸਿੱਧ ਕਥਾਵਾਚਕ, ਕਵੀਸ਼ਰ, ਰਾਗੀ ਤੇ ਢਾਡੀ ਵੀ ਹਾਜ਼ਰੀਆਂ ਭਰਨਗੇ | ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ, ਗਿਆਨੀ ਸੂਰਤਾ ਸਿੰਘ, ਮੈਨੇਜ਼ਰ ਰਣਦੀਪ ਸਿੰਘ, ਗੁਰਸੇਵਕ ਸਿੰਘ, ਕੁਲਵੰਤ ਸਿੰਘ ਚੱਬਾ, ਬਲੀ ਸਿੰਘ ਵਰਪਾਲ, ਦਿਲਬਾਗ ਸਿੰਘ ਸਾਂਈ, ਹਰਪਾਲ ਸਿੰਘ, ਰਾਜਬੀਰ ਸਿੰਘ, ਰਛਪਾਲ ਸਿੰਘ ਲਾਂਗੜੀ ਆਦਿ ਹਾਜ਼ਰ ਸਨ |