03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਨੂਰਪੁਰ ਬੇਦੀ ਇਲਾਕੇ ’ਚ ਬਿਜਲੀ ਸਪਲਾਈ ਹੋਈ ਪ੍ਰਭਾਵਿਤ

ਅਜੀਤ ਡੈਸਕ 25-07-2026
ਨੂਰਪੁਰ ਬੇਦੀ, 24 ਜੁਲਾਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਮੁਲਾਜ਼ਮਾਂ ਦੀ 26 ਜੁਲਾਈ ਤੱਕ ਚੱਲਣ ਵਾਲੀ ਹੜਤਾਲ ਕਾਰਨ ਨੂਰਪੁਰ ਬੇਦੀ ਤੇ ਆਸ-ਪਾਸ ਦੇ ਇਲਾਕਿਆਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ। ਹੜਤਾਲ ਦੇ ਚੱਲਦਿਆਂ ਬਿਜਲੀ ਦੇ ਕੱਟਾਂ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਖਪਤਕਾਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਬਿਜਲੀ ਸਪਲਾਈ ਨੂੰ ਨਿਰੰਤਰ ਚਾਲੂ ਰੱਖਣ ਲਈ ਬਿਜਲੀ ਅਫ਼ਸਰਾਂ ਨੇ ਗਰਿੱਡਾਂ ਤੇ ਮੋਰਚੇ ਸੰਭਾਲੇ ਹੋਏ ਹਨ। ਮੁਲਾਜ਼ਮ ਆਗੂਆਂ ਜਸਵਿੰਦਰ ਸਿੰਘ ਔਲਖ, ਮਾਨ ਸਿੰਘ ਹੀਰਾ (ਸਕੱਤਰ), ਰਾਮਪਾਲ ਸਰਥਲੀ (ਖ਼ਜ਼ਾਨਚੀ), ਹਰਮਿੰਦਰ ਸਿੰਘ ਬੈਂਸ ਤੇ ਹਰਪ੍ਰੀਤ ਸਿੰਘ (ਸਕੱਤਰ) ਨੇ ਸਾਂਝੇ ਬਿਆਨ ਰਾਹੀ ਦੱਸਿਆ ਕਿ ਨੂਰਪੁਰ ਬੇਦੀ ਇਲਾਕੇ ਦੇ ਕਰੀਬ 42 ਹਜ਼ਾਰ ਬਿਜਲੀ ਕੁਨੈਕਸ਼ਨਾਂ ਦੀ ਸਪਲਾਈ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਦੀ ਜ਼ਿੰਮੇਵਾਰੀ ਇਸ ਸਮੇਂ ਸਿਰਫ਼ ਤਿੰਨ ਕੰਪਲੇਂਟ ਹੈਂਡਲਿੰਗ ਬੁਆਇਜ਼ ਉੱਪਰ ਆ ਗਈ ਹੈ। ਸਟਾਫ਼ ਦੀ ਭਾਰੀ ਕਮੀ ਕਾਰਨ ਮੌਜੂਦਾ ਮੁਲਾਜ਼ਮਾਂ ਨੂੰ 20-20 ਘੰਟੇ ਡਿਊਟੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਖ਼ਤਗੜ੍ਹ ਉਪਮੰਡਲ ਵਿਚ ਸਹਾਇਕ ਲਾਈਨਮੈਨ ਦੀਆਂ 31 ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ 27 ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਾਰਨ ਬਿਜਲੀ ਪ੍ਰਬੰਧਨ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੀ.ਐਸ.ਪੀ.ਸੀ.ਐਲ. ਵਲੋਂ ਸਮੇਂ-ਸਮੇਂ ’ਤੇ ਕਈ ਅਸਾਮੀਆਂ ਹੀ ਖਤਮ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਮੈਦਾਨੀ ਸਟਾਫ਼ ਦੀ ਘਾਟ ਹੋਰ ਗੰਭੀਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਲੋੜੀਂਦੇ ਸਟਾਫ਼ ਦਾ ਕੇਵਲ 25 ਫੀਸਦੀ ਹੀ ਕੰਮ ਕਰ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਪ੍ਰਬੰਧਨ ਤੋਂ ਮੰਗ ਕੀਤੀ ਕਿ ਸਟਾਫ਼ ਦੀ ਕਮੀ ਤੁਰੰਤ ਪੂਰੀ ਕੀਤੀ ਜਾਵੇ, ਮਹਿੰਗਾਈ ਭੱਤਾ (ਡੀ.ਏ.) ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਕੀਤਾ ਜਾਵੇ ਅਤੇ ਘਟਾਏ ਗਏ ਤਨਖ਼ਾਹ ਸਕੇਲ ਮੁੜ ਬਹਾਲ ਕੀਤੇ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਨਹੀਂ ਮੰਨਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦਾ ਅਸਰ ਬਿਜਲੀ ਸੇਵਾਵਾਂ ’ਤੇ ਹੋਰ ਵੱਧ ਜਾਵੇਗਾ। ਦੂਜੇ ਪਾਸੇ ਬਿਜਲੀ ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਉਹਨਾਂ ਵਲੋਂ ਨਿਰੰਤਰ ਬਿਜਲੀ ਸਪਲਾਈ ਚਾਲੂ ਕੀਤੀ ਜਾ ਰਹੀ ਹੈ ।
ਪਿਛਲੀ ਖ਼ਬਰ ਸੰਗਤ ਜੋੜੋ ਮਿਸ਼ਨ ਤਹਿਤ ਕੀਰਤਨ ਦਰਬਾਰ ਅੱਜ ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਵਲੋਂ ਰੋਸ ਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।