ਨੂਰਪੁਰ ਬੇਦੀ, 22 ਜਨਵਰੀ (ਵਿੰਦਰਪਾਲ ਝਾਂਡੀਆਂ)-ਪਿੰਡ ਝਾਂਡੀਆਂ ਕਲਾਂ ਵਿਖੇ ਦਲਿਤ ਵਰਗ ਦੇ ਲੋਕਾਂ ਦੀ ਮੀਟਿੰਗ ਹੋਈ | ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਮੰਗ ਕੀਤੀ ਕਿ ਇਸ ਵਾਰ ਨੂਰਪੁਰ ਬੇਦੀ ਬਲਾਕ ਸੰਮਤੀ ਦੀ ਚੇਅਰਮੈਨੀ ਐੱਸ. ਸੀ. ਵਰਗ ਲਈ ਰਾਖਵੀਂ ਕਰਕੇ ਇੱਕ ਮੌਕਾ ਅਨੂਸੁਚਿਤ ਜਾਤੀ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ | ਉਨਾਂ ਨੇ ਕਿਹਾ ਕਿ ਰੂਪਨਗਰ ਵਿਧਾਨ ਸਭਾ ਹਲਕੇ ਵਿਚ ਸਭ ਤੋਂ ਵੱਧ ਵਸੋ ਦਲਿਤ ਵਰਗ ਦੀ ਹੈ, ਜਿਸ ਵਿਚ ਕਰੀਬ 65000 ਵਸੋਂ ਇਕੱਲੇ ਅਨੂਸੁਚਿਤ ਜਾਤੀ ਵਰਗ ਦੀ ਹੈ | ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ | ਲੋਕਤੰਤਰ ਲੋਕਾਂ ਦੀ ਵੋਟ ਦਾ ਰਾਜ ਹੈ, ਐਨੇ ਵੱਡੇ ਭਾਈਚਾਰੇ ਨੂੰ ਸੱਤਾ ਵਿਚ ਭਾਗੀਦਾਰੀ ਪੱਖੋਂ ਅਣਦੇਖਾ ਨਹੀਂ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ ਵੱਖ-ਵੱਖ ਭਾਈਚਾਰਿਆਂ ਦਾ ਹਮੇਸ਼ਾਂ ਵੱਖ-ਵੱਖ ਅਹੁਦਿਆਂ ਅਤੇ ਚੇਅਰਮੈਨੀਆਂ ਤੇ ਜਨਰਲ ਵਰਗ ਦਾ ਹੀ ਦਬ ਦਬਾ ਰਿਹਾ ਹੈ, ਇਸ ਲਈ ਅਨੁਸੂਚਿਤ ਜਾਤੀ ਭਾਈਚਾਰੇ ਵਿਚੋਂ ਚੇਅਰਮੈਨ ਲਗਾ ਕੇ ਐੱਸ. ਸੀ. ਭਾਈਚਾਰੇ ਨੂੰ ਸੱਤਾ 'ਚ ਭਾਗੀਦਾਰੀ ਸਮੇਤ ਬਣਦਾ ਹੱਕ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ | ਇਸ ਮੌਕੇ ਸਤਪਾਲ ਪਾਲੀ, ਕਸ਼ਮੀਰ ਸਿੰਘ, ਜਥੇਦਾਰ ਕਿ੍ਸ਼ਨ ਸਿੰਘ, ਹਰੀ ਓਮ, ਰੌਣਕੀ ਰਾਮ, ਨਰੇਸ਼ ਕੁਮਾਰ, ਸੋਮਨਾਥ, ਸਰਵਣ ਫਰਜੀ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਜੋਧਾ ਪੰਚਾਇਤ ਮੈਂਬਰ ਸਮੇਤ ਹੋਰ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕ ਹਾਜ਼ਰ ਸਨ |