ਐੱਸ. ਏ. ਐੱਸ. ਨਗਰ, 21 ਨਵੰਬਰ (ਕਪਿਲ ਵਧਵਾ)-ਮੁਹਾਲੀ ਵਿਚ ਸਨਿਚਰਵਾਰ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਦੋ ਵੱਖ-ਵੱਖ ਥਾਵਾਂ ’ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰਦਾਤ ਥਾਣਾ ਫੇਜ਼-11 ਅਧੀਨ ਪੈਂਦੇ ਇਲਾਕੇ ਵਿਚ ਹੋਈ, ਜਿਥੇ ਆਰਕੀਟੈਕਟ ਹਰਪ੍ਰੀਤ ਸਿੰਘ ਦੇ ਘਰ ’ਤੇ ਚਾਰ ਰਾਊਂਡ ਫਾਇਰ ਕੀਤੇ ਗਏ। ਇਸ ਤੋਂ ਬਾਅਦ ਹਮਲਾਵਰਾਂ ਨੇ ਸੈਕਟਰ-79 ਸਥਿਤ ਹੇਅਰ ਮਾਸਟਰਜ਼ ਸੈਲੂਨ ਦੇ ਬਾਹਰ ਦੋ ਗੋਲੀਆਂ ਚਲਾਈਆਂ। ਦੋਵਾਂ ਵਾਰਦਾਤਾਂ ’ਚ ਜਾਨੀ ਨੁਕਸਾਨ ਹੋਣ ਤੋਂ ਵਾਲ-ਵਾਲ ਬਚਾਅ ਰਿਹਾ। ਮੁਹਾਲੀ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਵਲੋਂ 3 ਸਤੰਬਰ ਨੂੰ ਚਾਰਜ ਸੰਭਾਲਣ ਤੋਂ ਲੈਅ ਕੇ ਹੁਣ ਤੱਕ ਸਲੂਨ ’ਤੇ ਹੋਈ ਇਹ ਦੂਜੀ ਵਾਰਦਾਤ ਹੈ, ਜਿਸ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੈਲੂਨ ਨੂੰ ਕਰੀਬ ਢਾਈ ਮਹੀਨੇ ਬਾਅਦ ਮੁੜ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ 2 ਸਤੰਬਰ ਦੀ ਰਾਤ ਨੂੰ ਵੀ ਇਸੇ ਸੈਲੂਨ ਦੇ ਬਾਹਰ ਗੋਲੀਬਾਰੀ ਹੋਈ ਸੀ। ਆਰਕੀਟੈਕਟ ਦੇ ਘਰ ’ਤੇ ਚਾਰ ਗੋਲੀਆਂ ਚਲਾਈਆਂ ਫੇਜ਼-11 ਵਾਸੀ ਆਰਕੀਟੈਕਟ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਦੁਪਹਿਰ ਸਮੇਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਆਏ ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਹਮਲਾਵਰਾਂ ਵਲੋਂ ਚਲਾਈਆਂ ਗਈਆਂ ਚਾਰ ਗੋਲੀਆਂ ਵਿਚੋਂ ਇਕ ਘਰ ਦੇ ਅੰਦਰ ਪਏ ਗੱਦੇ ਵਿਚ ਜਾ ਲੱਗੀ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ। ਨਾ ਹੀ ਉਨ੍ਹਾਂ ਨੂੰ ਫਿਰੌਤੀ ਲਈ ਕੋਈ ਫੋਨ ਆਇਆ ਸੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਧਮਕੀ ਮਿਲੀ ਸੀ। ਸੂਚਨਾ ਮਿਲਣ ’ਤੇ ਥਾਣਾ ਫੇਜ਼-11 ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਕੰਗ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਵਲੋਂ ਇਲਾਕੇ ’ਚ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁਹਾਲੀ ਦੇ ਥਾਣਾ ਫੇਸ-11 ਅਧੀਨ ਪੈਂਦੀ ਇਕ ਕੋਠੀ ਬਾਰ ਜੁਬਲੀ ਵਾਕ ਨਾਲ ਜੁੜੇ ਦੋ ਰੀਅਲ ਸਟੇਟ ਵਪਾਰੀਆਂ ਨੂੰ ਫਿਰੌਤੀ ਦੇ ਮੰਗਦੇ ਚਲਦੇ ਗੋਲੀਆਂ ਚਲਾ ਕੇ ਡਰਾਈ ਜਾ ਚੁੱਕਾ ਹੈ। ਹਾਲਾਂਕਿ ਉਕਤ ਮਾਮਲੇ ਵਿਚ ਚੰਡੀਗੜ੍ਹ ਦੇ ਬੁੜੈਲ ਜੇਲ ਵਿਚ ਬੰਦ ਗੈਂਗਸਟਰ ਕਾਲੀ ਤੇ ਪੰਜਾਬ ਦੇ ਵਿਸ਼ੇਸ਼ ਡੀ. ਜੀ. ਪੀ. ਦੇ ਭਤੀਜੇ ਸਣੇ ਕੁਝ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਢਾਈ ਮਹੀਨੇ ਬਾਅਦ ਮੁੜ ਸੈਲੂਨ ’ਤੇ ਫਾਇਰਿੰਗ ਦੂਜੀ ਵਾਰਦਾਤ ਸੈਕਟਰ-79 ਸਥਿਤ ਹੇਅਰ ਮਾਸਟਰਜ਼ ਸੈਲੂਨ ਦੇ ਬਾਹਰ ਹੋਈ, ਜਿਥੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਦੋ ਰਾਊਂਡ ਗੋਲੀਆਂ ਚਲਾਈਆਂ। ਇਨ੍ਹਾਂ ਵਿਚੋਂ ਇਕ ਗੋਲੀ ਸੈਲੂਨ ਦੇ ਬਾਹਰ ਲੱਗੇ ਸ਼ੀਸ਼ੇ ਵਿਚ ਲੱਗੀ, ਜਿਸ ਕਾਰਨ ਸ਼ੀਸ਼ਾ ਨੁਕਸਾਨਿਆ ਗਿਆ। ਜ਼ਿਕਰਯੋਗ ਹੈ ਕਿ ਇਸੇ ਸੈਲੂਨ ਦੇ ਬਾਹਰ ਬੀਤੀ 2 ਸਤੰਬਰ ਨੂੰ ਵੀ ਦੇਰ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਬਾਰੀ ਕੀਤੀ ਸੀ। ਉਸ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰਕੇ ਇਕ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਬਾਵਜੂਦ ਮੁੜ ਉਸੇ ਸੈਲੂਨ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਪੁਲਿਸ ਲਈ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਏ. ਡੀ. ਜੀ. ਪੀ. ਨੇ ਮੌਕੇ ’ਤੇ ਪਹੁੰਚ ਕੇ ਜਾਂਚ ਦਾ ਲਿਆ ਜਾਇਜ਼ਾ ਦੋਵਾਂ ਵਾਰਦਾਤਾਂ ਦੀ ਸੂਚਨਾ ਮਿਲਣ ’ਤੇ ਏ. ਡੀ. ਜੀ. ਪੀ. ਕਾਨੂੰਨ ਤੇ ਵਿਵਸਥਾ ਗੌਤਮ ਚੀਮਾ, ਐੱਸ. ਐੱਸ. ਪੀ. ਮੁਹਾਲੀ ਵਰੁਣ ਸ਼ਰਮਾ, ਐੱਸ. ਪੀ. ਸਿਟੀ ਦਿਲਪ੍ਰੀਤ ਸਿੰਘ ਤੇ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਏ. ਡੀ. ਜੀ. ਪੀ. ਗੌਤਮ ਚੀਮਾ ਨੇ ਕਿਹਾ ਕਿ ਪੁਲਿਸ ਵਲੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੋ ਵਾਰਦਾਤਾਂ ਦੇ ਨਾਲ-ਨਾਲ ਮੁਹਾਲੀ ਜ਼ਿਲ੍ਹੇ ਅਧੀਨ ਪੈਂਦੇ ਘੜੂੰਆਂ ਵਿਖੇ ਉਹ ਦੇ ਤੇ ਕਟਾਰੀਆ ਨਾਂਅ ਦੇ ਵਿਅਕਤੀ ਦੇ ਪਿਛਲੇ ਪਾਸੇ (ਤਸ਼ਰੀਫ) ਤੇ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਉਕਤ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਅਤੇ ਮੁਹਾਲੀ ਦੇ ਫੇਸ ਚੇਜ ਤੇ ਸਿਵਿਲ ਹਸਪਤਾਲ ਤੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਗੋਲੀ ਕਿਵੇਂ ਚੱਲੀ ਹੈ ਅਤੇ ਕਿਸ ਨੇ ਚਲਾਈ ਹੈ ਇਸ ਸੰਬੰਧੀ ਜਾਂਚ ਚੱਲ ਰਹੀ ਹੈ। ਇਸ ਘਟਨਾ ਨਾਲ ਜ਼ਿਲ੍ਹੇ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਤਿੰਨ ਰਿਪੋਰਟ ਹੋਈਆਂ ਹਨ।