ਮੌਤ ਤੋਂ ਪਹਿਲਾਂ ਬਣੀਆਂ ਦੋ ਵਸੀਅਤਾਂ ’ ਤੇ ਹਾਈ ਕੋਰਟ ਨੇ ਉਠਾਏ ਸਵਾਲ , ਇਕ ਵਸੀਅਤ ਮੌਤ ਤੋਂ 8 ਦਿਨ ਤੇ ਦੂਜੀ ਮਹਿਜ਼ 2 ਦਿਨ ਪਹਿਲਾਂ ਬਣੀ ਸੀ
ਚੰਡੀਗੜ੍ਹ, 15 ਸਤੰਬਰ (ਸੰਦੀਪ ਕੁਮਾਰ ਮਾਹਨਾ) –ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਇਦਾਦ ਦੇ ਲਗਭਗ 26 ਸਾਲ ਪੁਰਾਣੇ ਵਿਵਾਦ ’ਚ ਅਹਿਮ ਫ਼ੈਸਲਾ ਸੁਣਾਉਂਦਿਆਂ ਮੌਤ ਤੋਂ ਕੁਝ ਦਿਨ ਪਹਿਲਾਂ ਬਣੀਆਂ ਦੋਵੇਂ ਵਸੀਅਤਾਂ ਨੂੰ ਸ਼ੱਕੀ ਹਾਲਾਤ ਵਾਲੀਆਂ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਵਸੀਅਤ ਕਰਨ ਵਾਲਾ ਵਿਅਕਤੀ ਗੰਭੀਰ ਰੂਪ ’ਚ ਬਿਮਾਰ ਹੋਵੇ ਅਤੇ ਵਸੀਅਤ ਬਣਾਉਣ ਤੋਂ ਕੁਝ ਹੀ ਦਿਨਾਂ ਬਾਅਦ ਉਸ ਦੀ ਮੌਤ ਹੋ ਜਾਵੇ ਤਾਂ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਵਸੀਅਤ ਬਣਾਉਣ ਸਮੇਂ ਉਹ ਮਾਨਸਿਕ ਤੌਰ ’ਤੇ ਸਿਹਤਮੰਦ ਸੀ ਅਤੇ ਉਸ ਨੇ ਆਪਣੀ ਆਜ਼ਾਦ ਮਰਜ਼ੀ ਨਾਲ ਵਸੀਅਤ ਕੀਤੀ ਸੀ।
ਚੰਡੀਗੜ੍ਹ, 15 ਸਤੰਬਰ (ਸੰਦੀਪ ਕੁਮਾਰ ਮਾਹਨਾ) –ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਇਦਾਦ ਦੇ ਲਗਭਗ 26 ਸਾਲ ਪੁਰਾਣੇ ਵਿਵਾਦ ’ਚ ਅਹਿਮ ਫ਼ੈਸਲਾ ਸੁਣਾਉਂਦਿਆਂ ਮੌਤ ਤੋਂ ਕੁਝ ਦਿਨ ਪਹਿਲਾਂ ਬਣੀਆਂ ਦੋਵੇਂ ਵਸੀਅਤਾਂ ਨੂੰ ਸ਼ੱਕੀ ਹਾਲਾਤ ਵਾਲੀਆਂ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਵਸੀਅਤ ਕਰਨ ਵਾਲਾ ਵਿਅਕਤੀ ਗੰਭੀਰ ਰੂਪ ’ਚ ਬਿਮਾਰ ਹੋਵੇ ਅਤੇ ਵਸੀਅਤ ਬਣਾਉਣ ਤੋਂ ਕੁਝ ਹੀ ਦਿਨਾਂ ਬਾਅਦ ਉਸ ਦੀ ਮੌਤ ਹੋ ਜਾਵੇ ਤਾਂ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਵਸੀਅਤ ਬਣਾਉਣ ਸਮੇਂ ਉਹ ਮਾਨਸਿਕ ਤੌਰ ’ਤੇ ਸਿਹਤਮੰਦ ਸੀ ਅਤੇ ਉਸ ਨੇ ਆਪਣੀ ਆਜ਼ਾਦ ਮਰਜ਼ੀ ਨਾਲ ਵਸੀਅਤ ਕੀਤੀ ਸੀ। ਮਾਮਲੇ ’ਚ ਅਜਿਹਾ ਕੋਈ ਭਰੋਸੇਯੋਗ ਸਬੂਤ ਸਾਹਮਣੇ ਨਹੀਂ ਆਇਆ। ਜਸਟਿਸ ਪ੍ਰਮੋਦ ਗੋਇਲ ਨੇ ਮੋਹਨ ਸਿੰਘ ਵਲੋਂ ਦਾਇਰ ਨਿਯਮਤ ਦੂਜੀ ਅਪੀਲ ਖ਼ਾਰਜ ਕਰਦਿਆਂ ਇਹ ਫ਼ੈਸਲਾ ਸੁਣਾਇਆ। ਮਾਮਲਾ ਸਲਵਿੰਦਰ ਸਿੰਘ ਦੀ ਜਾਇਦਾਦ ਨਾਲ ਸਬੰਧਿਤ ਸੀ। ਸਲਵਿੰਦਰ ਸਿੰਘ ਅਣਵਿਆਹੇ ਅਤੇ ਬੇਔਲਾਦ ਸਨ। ਉਨ੍ਹਾਂ ਦੇ ਭਰਾਵਾਂ ਨੇ ਦਾਅਵਾ ਕੀਤਾ ਸੀ ਕਿ ਸਲਵਿੰਦਰ ਸਿੰਘ ਨੇ 1 ਅਕਤੂਬਰ 1991 ਨੂੰ ਵਸੀਅਤ ਕਰਕੇ ਆਪਣੀ ਜਾਇਦਾਦ ਵਿਚ ਸਾਰੇ ਭਰਾਵਾਂ ਨੂੰ ਬਰਾਬਰ ਹਿੱਸਾ ਦਿੱਤਾ ਸੀ। ਦੂਜੇ ਪਾਸੇ ਮੋਹਨ ਸਿੰਘ ਦਾ ਦਾਅਵਾ ਸੀ ਕਿ ਸਲਵਿੰਦਰ ਸਿੰਘ ਨੇ 25 ਸਤੰਬਰ 1991 ਨੂੰ ਆਪਣੀ ਪੂਰੀ ਜਾਇਦਾਦ ਉਨ੍ਹਾਂ ਦੇ ਨਾਂਅ ਵਸੀਅਤ ਕਰ ਦਿੱਤੀ ਸੀ। ਹੇਠਲੀ ਅਦਾਲਤ ਨੇ 25 ਸਤੰਬਰ ਵਾਲੀ ਵਸੀਅਤ ਨੂੰ ਸਹੀ ਮੰਨਦਿਆਂ ਭਰਾਵਾਂ ਦਾ ਦਾਅਵਾ ਖ਼ਾਰਜ ਕਰ ਦਿੱਤਾ ਸੀ। ਹਾਲਾਂਕਿ ਪਹਿਲੀ ਅਪੀਲੀ ਅਦਾਲਤ ਨੇ ਦੋਵੇਂ ਵਸੀਅਤਾਂ ਨੂੰ ਸ਼ੱਕੀ ਮੰਨਦਿਆਂ ਕਿਹਾ ਸੀ ਕਿ ਜਾਇਦਾਦ ਦੀ ਵਿਰਾਸਤ ਵਸੀਅਤ ਦੇ ਆਧਾਰ ’ਤੇ ਨਹੀਂ, ਸਗੋਂ ਕਾਨੂੰਨ ਅਨੁਸਾਰ ਤੈਅ ਹੋਵੇਗੀ। ਹਾਈ ਕੋਰਟ ਨੇ ਪਾਇਆ ਕਿ ਸਲਵਿੰਦਰ ਸਿੰਘ ਦੀ ਮੌਤ 3 ਅਕਤੂਬਰ 1991 ਨੂੰ ਹੋਈ ਸੀ। ਇਸ ਤਰ੍ਹਾਂ ਮੋਹਨ ਸਿੰਘ ਦੇ ਹੱਕ ’ਚ ਦੱਸੀ ਗਈ ਵਸੀਅਤ ਉਨ੍ਹਾਂ ਦੀ ਮੌਤ ਤੋਂ ਮਹਿਜ਼ 8 ਦਿਨ ਪਹਿਲਾਂ, ਜਦਕਿ ਦੂਜੇ ਪੱਖ ਵਲੋਂ ਪੇਸ਼ ਕੀਤੀ ਗਈ ਵਸੀਅਤ ਮੌਤ ਤੋਂ ਸਿਰਫ਼ 2 ਦਿਨ ਪਹਿਲਾਂ ਬਣਾਈ ਗਈ ਸੀ। ਦੋਵੇਂ ਵਸੀਅਤਾਂ ਮੂਲ ਰੂਪ ’ਚ ਗੈਰ-ਰਜਿਸਟਰਡ ਸਨ। 25 ਸਤੰਬਰ ਵਾਲੀ ਵਸੀਅਤ ਨੂੰ ਸਲਵਿੰਦਰ ਸਿੰਘ ਦੀ ਮੌਤ ਤੋਂ ਬਾਅਦ 6 ਦਸੰਬਰ 1991 ਨੂੰ ਰਜਿਸਟਰਡ ਕਰਵਾਇਆ ਗਿਆ ਸੀ। ਅਦਾਲਤ ਨੇ ਕਿਹਾ ਕਿ 25 ਸਤੰਬਰ ਨੂੰ ਵਸੀਅਤ ਤਿਆਰ ਕਰਨ ਸਮੇਂ ਸਲਵਿੰਦਰ ਸਿੰਘ ਬਿਮਾਰ ਸਨ ਅਤੇ ਇਲਾਜ ਅਧੀਨ ਸਨ। ਇਸ ਦੇ ਬਾਵਜੂਦ ਵਸੀਅਤ ਲਿਖਣ ਵਾਲੇ ਅਤੇ ਗਵਾਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਸ ਸਮੇਂ ਸਲਵਿੰਦਰ ਸਿੰਘ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਸਿਹਤਮੰਦ ਸਨ ਅਤੇ ਵਸੀਅਤ ਦੀ ਸਮੱਗਰੀ ਨੂੰ ਸਮਝਦੇ ਹੋਏ ਆਪਣੀ ਆਜ਼ਾਦ ਇੱਛਾ ਨਾਲ ਦਸਤਾਵੇਜ਼ ਤਿਆਰ ਕਰਵਾ ਰਹੇ ਸਨ। ਹਾਈ ਕੋਰਟ ਨੇ ਇਸ ਨੂੰ ਗੰਭੀਰ ਕਮੀ ਕਰਾਰ ਦਿੱਤਾ। ਅਦਾਲਤ ਨੇ ਵਸੀਅਤ ਦੀ ਤਾਰੀਖ ਵੱਖਰੀ ਸਿਆਹੀ ਨਾਲ ਲਿਖੇ ਜਾਣ, ਮੌਤ ਤੋਂ ਬਾਅਦ ਵਸੀਅਤ ਰਜਿਸਟਰ ਕਰਵਾਉਣ ਦਾ ਕਾਰਨ ਸਪੱਸ਼ਟ ਨਾ ਹੋਣ ਅਤੇ ਗਵਾਹਾਂ ਵਲੋਂ ਸਟੈਂਪ ਪੇਪਰ ’ਤੇ ਵਸੀਅਤ ਤਿਆਰ ਕੀਤੇ ਜਾਣ ਦੇ ਦਾਅਵੇ ਦੇ ਉਲਟ ਦਸਤਾਵੇਜ਼ ਦਾ ਸਾਦੇ ਕਾਗਜ਼ ’ਤੇ ਹੋਣ ਵਰਗੀਆਂ ਹਾਲਾਤਾਂ ਨੂੰ ਵੀ ਅਹਿਮ ਮੰਨਿਆ।