02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮੁੱਖ ਮੰਤਰੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ ਮਿਲ ਰਿਹਾ ਹੈ

ਅਜੀਤ ਡੈਸਕ 23-07-2026
ਚੰਡੀਗੜ੍ਹ, 22 ਜੁਲਾਈ (ਅਜੀਤ ਬਿਊਰੋ)–ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਰਾਜ ਦੀਆਂ ਯੋਗ ਮਹਿਲਾਵਾਂ ਨੂੰ ਅਜਿਹੇ ਸਮੇਂ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ, ਜਦੋਂ ਵਧਦੇ ਘਰੇਲੂ ਖ਼ਰਚੇ, ਕਾਲਜਾਂ ਵਿਚ ਦਾਖ਼ਲੇ ਦੀ ਵਧਦੀ ਲਾਗਤ ਤੇ ਮਹਿੰਗਾਈ ਪਰਿਵਾਰਾਂ ਦੇ ਬਜਟ ’ਤੇ ਲਗਾਤਾਰ ਦਬਾਅ ਵਧਾ ਰਹੇ ਹਨ। 25 ਜੂਨ 2026 ਤੱਕ ਰਜਿਸਟ੍ਰੇਸ਼ਨ ਪੂਰੀ ਕਰਨ ਵਾਲੀਆਂ ਲਗਪਗ 33 ਲੱਖ ਤੋਂ ਵੱਧ ਮਹਿਲਾ ਲਾਭਪਾਤਰੀਆਂ ਦੇ ਬੈਂਕ ਖ਼ਾਤਿਆਂ ਵਿਚ ਸਹਾਇਤਾ ਰਾਸ਼ੀ ਸਿੱਧੀ ਭੇਜੀ ਜਾ ਚੁੱਕੀ ਹੈ, ਜਦਕਿ ਬਾਕੀ ਯੋਗ ਮਹਿਲਾਵਾਂ ਨੂੰ ਇਹ ਰਕਮ 1 ਅਗਸਤ ਨੂੰ ਮਿਲੇਗੀ। ਹੁਣ ਤੱਕ ਲਗਪਗ 70 ਲੱਖ ਤੋਂ ਵੱਧ ਮਹਿਲਾਵਾਂ ਇਸ ਯੋਜਨਾ ਅਧੀਨ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਹਨ। ਯੋਜਨਾ ਦੇ ਲਾਭਪਾਤਰੀਆਂ ਦੇ ਪ੍ਰੋਫ਼ਾਈਲ ਤੋਂ ਪਤਾ ਲੱਗਦਾ ਹੈ ਕਿ ਇਹ ਸਹਾਇਤਾ ਉਨ੍ਹਾਂ ਮਹਿਲਾਵਾਂ ਤੱਕ ਪਹੁੰਚ ਰਹੀ ਹੈ, ਜੋ ਜੀਵਨ ਦੇ ਉਸ ਪੜਾਅ ਵਿਚ ਹਨ ਜਦੋਂ ਆਰਥਿਕ ਜ਼ਿੰਮੇਵਾਰੀਆਂ ਸਭ ਤੋਂ ਵੱਧ ਹੁੰਦੀਆਂ ਹਨ। ਕੁੱਲ ਲਾਭਪਾਤਰੀਆਂ ਵਿੱਚੋਂ 36–45 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਦੀ ਹਿੱਸੇਦਾਰੀ 25.2 ਫ਼ੀਸਦੀ ਤੇ 46–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਦੀ ਹਿੱਸੇਦਾਰੀ 25.4 ਫ਼ੀਸਦੀ ਹੈ। ਇਸ ਤਰ੍ਹਾਂ 50 ਫ਼ੀਸਦੀ ਤੋਂ ਵੱਧ ਲਾਭਪਾਤਰੀ 36 ਤੋਂ 59 ਸਾਲ ਦੀ ਉਮਰ ਵਰਗ ਨਾਲ ਸੰਬੰਧਿਤ ਹਨ। ਜੀਵਨ ਦੇ ਇਸੇ ਪੜਾਅ ਵਿਚ ਪਰਿਵਾਰਾਂ ’ਤੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਹੁੰਦੀਆਂ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਨੀ ਖਰਾਸਵਾਲੀ ਦੀ 48 ਸਾਲਾ ਸੁਨੀਤਾ ਰਾਣੀ ਨੇ ਦੱਸਿਆ ਕਿ ਇਸ ਮਹੀਨਾਵਾਰ ਸਹਾਇਤਾ ਨਾਲ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ, “ਮੇਰੀ ਧੀ ਬੀ. ਟੈੱਕ. ਕਰ ਰਹੀ ਹੈ ਅਤੇ ਮੇਰਾ ਪੁੱਤਰ ਗਿਆਰ੍ਹਵੀਂ ਜਮਾਤ ਵਿਚ ਪੜ੍ਹਦਾ ਹੈ। ਮੈਂ ਇਸ ਰਕਮ ਦਾ ਵੱਡਾ ਹਿੱਸਾ ਆਪਣੇ ਪੁੱਤਰ ਦੀ ਸਕੂਲ ਫ਼ੀਸ ਭਰਨ ਲਈ ਵਰਤਿਆ ਤੇ ਬਾਕੀ ਪੈਸੇ ਆਪਣੇ ਪਤੀ ਨੂੰ ਦੇ ਦਿੱਤੇ। ਪਹਿਲਾਂ ਸਾਨੂੰ ਮੁਫ਼ਤ ਬਿਜਲੀ ਮਿਲੀ, ਫਿਰ 10 ਲੱਖ ਰੁਪਏ ਦਾ ਸਿਹਤ ਬੀਮਾ ਮਿਲਿਆ ਤੇ ਹੁਣ ਇਹ ਮਹੀਨਾਵਾਰ ਵਿੱਤੀ ਸਹਾਇਤਾ ਮਿਲ ਰਹੀ ਹੈ। ਸਰਕਾਰ ਨੇ ਖ਼ਾਸ ਤੌਰ ’ਤੇ ਮਹਿਲਾਵਾਂ ਲਈ ਕਈ ਲੋਕ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।” ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆ ਰਹੇ ਲਾਭਪਾਤਰੀਆਂ ਦੇ ਤਜ਼ਰਬੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਂਦੇ ਹਨ।
ਪਿਛਲੀ ਖ਼ਬਰ ਆਈ. ਪੀ. ਐੱਸ. ਅਧਿਕਾਰੀ ਦੀ ਕੋਠੀ ਅੰਦਰ ਖੁਦਕੁਸ਼ੀ ਕਰਨ ਵਾਲੀ ਕੇਅਰਟੇਕਰ ਦੀ ਪੋਸਟਮਾਰਟਮ ਰਿਪੋਰਟ ਕਰੇਗੀ ਖੁਲਾਸਾ ਅਗਲੀ ਖ਼ਬਰ ਯੂ. ਕੇ. ਦਾ ਵਰਕ ਪਰਮਿਟ ਦਿਵਾਉਣ ਦੇ ਨਾਂਅ ’ਤੇ ਸਾਬਕਾ ਫ਼ੌਜੀ ਨਾਲ ਮਾਰੀ 4.16 ਲੱਖ ਰੁਪਏ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।