ਕੁਰਾਲੀ, 17 ਜੁਲਾਈ (ਹਰਪ੍ਰੀਤ ਸਿੰਘ)- ਸ਼ਹਿਰ ਦੇ ਨਿਹੋਲਕਾ ਮਾਰਗ ’ਤੇ ਸਥਿਤ ਬਰਸਾਤੀ ਨਦੀ ਦੇ ਨੇੜੇ ਨਿਯਮਾਂ ਨੂੰ ਅਣਗੋਲਿਆਂ ਕਰਕੇ ਕੀਤੀ ਜਾ ਰਹੀ ਇਕ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਨਗਰ ਕੌਂਸਲ ਵਲੋਂ ਵੱਡੀ ਕਾਰਵਾਈ ਕਰਦਿਆਂ ਜੇ. ਸੀ. ਬੀ. (ਪੀਲਾ ਪੰਜਾ) ਨਾਲ ਉਸਾਰੀ ਨੂੰ ਢਾਹ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੈਰ-ਕਾਨੂੰਨੀ ਉਸਾਰੀ ਇਕ ਵੱਡੀ ਕੰਪਨੀ ਵਲੋਂ ਬ੍ਰਹਮਲੀਨ ਸ਼ਿਵ ਸਰੂਪ ਸਵਾਮੀ ਜੀ ਮਹਾਰਾਜ ਦੇ ਤਪ ਅਸਥਾਨ ਕੈਲਾਸ਼ ਧਾਮ ਦੇ ਗੇਟ ਨੇੜੇ ਸਥਿਤ ਬਰਸਾਤੀ ਨਦੀ ਦੇ ਖੇਤਰ ’ਚ ਕੀਤੀ ਜਾ ਰਹੀ ਸੀ। ਇਸ ਸੰਬੰਧੀ ਸ਼ਹਿਰ ਵਾਸੀਆਂ ਅਤੇ ਸਵਾਮੀ ਜੀ ਦੇ ਸ਼ਰਧਾਲੂਆਂ ਵਲੋਂ ਕੌਂਸਲ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਮਾਮਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਗਿਆ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਧਾਨ ਬਹਾਦਰ ਸਿੰਘ ਓ. ਕੇ. ਦੇ ਨਿਰਦੇਸ਼ਾਂ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਰਜਨੀਸ਼ ਸੂਦ ਦੀ ਦੇਖ-ਰੇਖ ਹੇਠ ਮੌਕੇ ’ਤੇ ਪਹੁੰਚੀ ਟੀਮ ਨੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ। ਨਗਰ ਕੌਂਸਲ ਦੀ ਇਸ ਤੁਰੰਤ ਅਤੇ ਸਖ਼ਤ ਕਾਰਵਾਈ ਤੋਂ ਬਾਅਦ ਸ਼ਹਿਰ ਵਾਸੀਆਂ ਤੇ ਸਵਾਮੀ ਜੀ ਦੇ ਸ਼ਰਧਾਲੂਆਂ ਨੇ ਪ੍ਰਧਾਨ ਓ. ਕੇ., ਉਪ ਪ੍ਰਧਾਨ ਸ਼ਮਾ ਕਾਲੀਆ ਤੇ ਸਮੁੱਚੀ ਕੌਂਸਲ ਟੀਮ ਦਾ ਧੰਨਵਾਦ ਕੀਤਾ। ਇਸ ਸੰਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਓ. ਕੇ. ਨੇ ਕਿਹਾ ਸ਼ਹਿਰ ਵਾਸੀਆਂ ਵਲੋਂ ਸ਼ਿਕਾਇਤ ਮਿਲੀ ਸੀ ਕਿ ਬ੍ਰਹਮਲੀਨ ਸ਼ਿਵ ਸਰੂਪ ਸਵਾਮੀ ਜੀ ਮਹਾਰਾਜ ਦੇ ਤਪ ਅਸਥਾਨ ਦੇ ਨੇੜੇ ਕੁਝ ਕਲੋਨਾਈਜ਼ਰ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਗੈਰ-ਕਾਨੂੰਨੀ ਉਸਾਰੀ ਕਰ ਰਹੇ ਹਨ। ਇਹ ਮਾਮਲਾ ਸਾਹਮਣੇ ਆਉਂਦੇ ਹੀ ਇਸ ਸੰਬੰਧੀ ਬਣਦੀ ਕਾਰਵਾਈ ਲਈ ਨਿਰਦੇਸ਼ ਦਿੱਤੇ ਗਏ, ਜਿਸ ਉਪਰੰਤ ਕੌਂਸਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਉਸਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।