07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਵਿਕਾਸ ਕਾਰਜਾਂ ਦੀ ਹਨੇਰੀ ਜਾਂ ਸਿਆਸੀ ਇਮਤਿਹਾਨ ?

ਅਜੀਤ ਡੈਸਕ 25-06-2026
ਚੰਡੀਗੜ੍ਹ, 24 ਜੂਨ (ਸੰਦੀਪ ਕੁਮਾਰ ਮਾਹਨਾ) – ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਨਾਗਰਿਕ ਸਹੂਲਤਾਂ ਵਿਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ (ਐੱਫ. ਐਂਡ ਸੀ. ਸੀ.) ਨੇ ਮੇਅਰ ਸੌਰਭ ਜੋਸ਼ੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਗਭਗ 20 ਕਰੋੜ ਰੁਪਏ ਦੀ ਲਾਗਤ ਵਾਲੇ 82 ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ। ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਮਨਜ਼ੂਰ ਕੀਤੇ ਗਏ ਕਾਰਜਾਂ ਦੀ ਗਿਣਤੀ ਦੇ ਹਿਸਾਬ ਨਾਲ ਇਹ ਹੁਣ ਤੱਕ ਦੇ ਸਭ ਤੋਂ ਵੱਡੇ ਫ਼ੈਸਲਿਆਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਮੀਟਿੰਗ ਵਿਚ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਤੋਂ ਇਲਾਵਾ ਕਮੇਟੀ ਮੈਂਬਰ ਹਰਜੀਤ ਸਿੰਘ, ਜਸਬੀਰ ਸਿੰਘ ਬੰਟੀ, ਕਨਵਰਜੀਤ ਸਿੰਘ, ਰਾਜਿੰਦਰ ਕੁਮਾਰ ਸ਼ਰਮਾ, ਯੋਗੇਸ਼ ਢੀਂਗਰਾ ਅਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਸ਼ਹਿਰ ਭਰ ਵਿਚ ਬੁਨਿਆਦੀ ਢਾਂਚਾਗਤ ਵਿਕਾਸ ਨੂੰ ਤੇਜ਼ ਕਰਨ ਅਤੇ ਜਨਤਕ ਸਹੂਲਤਾਂ ਨੂੰ ਬਿਹਤਰ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਕਮੇਟੀ ਵਲੋਂ ਮੰਨਜ਼ੂਰ ਕੀਤੇ ਗਏ ਪ੍ਰਾਜੈਕਟਾਂ ਵਿਚ ਪਿੰਡ ਬੁੜੈਲ ’ਚ ਸਟਾਰਮ ਵਾਟਰ ਡਰੇਨੇਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਬੁਟਰੇਲਾ ਵਿਚ ਇੰਟਰਲਾਕਿੰਗ ਪੇਵਰ ਬਲਾਕ ਲਗਾਉਣਾ, ਸੈਕਟਰ 38 ਸਥਿਤ ਐੱਸ.ਪੀ.ਸੀ.ਏ. ਭਵਨ ਵਿਖੇ ਸੁਰੱਖਿਆ ਪ੍ਰਬੰਧ ਵਧਾਉਣਾ, ਸੈਕਟਰ 39 ਅਤੇ 40 ਦੀ ਸੀਲਿੰਗ ਵਾਲ ਦੀ ਮੁਰੰਮਤ, ਵੱਖ-ਵੱਖ ਸੈਕਟਰਾਂ ਦੇ ਪਾਰਕਾਂ ਵਿਚ ਫੁੱਟਪਾਥਾਂ ਅਤੇ ਜੌਗਿੰਗ ਟਰੈਕਾਂ ਦੀ ਉਸਾਰੀ ਅਤੇ ਮੁਰੰਮਤ, ਸਟਰੀਟ ਲਾਈਟਾਂ ਦੀ ਸਥਾਪਨਾ, ਜਲ ਸਪਲਾਈ ਪ੍ਰਣਾਲੀ ਵਿਚ ਸੁਧਾਰ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸੁੰਦਰਤਾ ਵਧਾਉਣ ਵਾਲੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਪਾਰਕਾਂ ਦੀ ਮੁਰੰਮਤ, ਗਰੀਨ ਬੈਲਟਾਂ ਦਾ ਵਿਕਾਸ, ਓਪਨ ਏਅਰ ਜਿਮ ਉਪਕਰਨਾਂ ਦੀ ਸਥਾਪਨਾ, ਰੁੱਖਾਂ ਤੇ ਸਜਾਵਟੀ ਬੂਟਿਆਂ ਦੀ ਲਗਾਤਾਰ ਰੋਪਾਈ, ਸਟਰੀਟ ਲਾਈਟਾਂ ਦਾ ਅਪਗ੍ਰੇਡੇਸ਼ਨ, ਜਲ ਨਿਕਾਸੀ ਪ੍ਰਬੰਧ ਵਿਚ ਸੁਧਾਰ, ਸੜਕ ਸੁਰੱਖਿਆ ਲਈ ਕੈਟ-ਆਈਜ਼ ਲਗਾਉਣ, ਕਮਿਊਨਿਟੀ ਸੈਂਟਰਾਂ ਤੇ ਹੋਰ ਜਨਤਕ ਥਾਵਾਂ ਦੀ ਸੰਭਾਲ ਅਤੇ ਮੁਰੰਮਤ ਨਾਲ ਸਬੰਧਤ ਕਈ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਮੀਟਿੰਗ ਦੌਰਾਨ ਵਿਸ਼ੇਸ਼ ਏਜੰਡਾ ਮਾਮਲਿਆਂ ਦੀ ਜਾਂਚ ਅਤੇ ਸਿਫ਼ਾਰਸ਼ ਲਈ ਦੋ ਵੱਖ-ਵੱਖ ਕਮੇਟੀਆਂ ਗਠਿਤ ਕਰਨ ਦਾ ਵੀ ਫ਼ੈਸਲਾ ਲਿਆ ਗਿਆ। ਪਹਿਲੀ ਕਮੇਟੀ ਦੇ ਚੇਅਰਮੈਨ ਵਜੋਂ ਰੋਡ ਡਵੀਜ਼ਨ ਨੰਬਰ 2 ਦੇ ਐਗਜ਼ੀਕਿਊਟਿਵ ਇੰਜੀਨੀਅਰ ਨੂੰ ਨਿਯੁਕਤ ਕੀਤਾ ਗਿਆ ਹੈ ਜਦਕਿ ਅਮਿਤ ਸ਼ਰਮਾ (ਈ.ਈ., ਪੀ.ਐੱਚ.-1), ਅੰਕੁਰ ਬਾਂਸਲ (ਈ.ਈ., ਰੋਡ ਡਿਵੀਜ਼ਨ-1), ਅਸ਼ਵਨੀ ਕੁਮਾਰ (ਈ.ਈ., ਹਾਰਟੀਕਲਚਰ ਡਿਵੀਜ਼ਨ-1), ਰਾਜਦੀਪ ਸੂਰਿਆ (ਐੱਸ.ਡੀ.ਈ., ਇਲੈਕਟ੍ਰੀਕਲ) ਅਤੇ ਵਿਸ਼ਾਲ ਸ਼ਰਮਾ (ਐੱਸ.ਡੀ.ਈ., ਰੋਡ) ਨੂੰ ਮੈਂਬਰ ਬਣਾਇਆ ਗਿਆ ਹੈ। ਇਹ ਕਮੇਟੀ ਯਕੀਨੀ ਬਣਾਏਗੀ ਕਿ ਪ੍ਰਸਤਾਵਿਤ ਕਾਰਜ ਨਗਰ ਨਿਗਮ ਦੀਆਂ ਨੀਤੀਆਂ ਅਤੇ ਨਿਯਮਾਂ ਅਨੁਸਾਰ ਹੋਣ। ਕਮੇਟੀ ਨੂੰ ਇਕ ਹਫ਼ਤੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਮਾਰਕੀਟ ਖੇਤਰਾਂ ਵਿਚ ਡੈਕੋਰੇਟਿਵ ਪੋਲ ਅਤੇ ਲਾਈਟਾਂ ਲਗਾਉਣ ਲਈ ਦਰਾਂ, ਤਕਨੀਕੀ ਮਾਪਦੰਡਾਂ ਅਤੇ ਨੀਤੀਗਤ ਦਿਸ਼ਾ-ਨਿਰਦੇਸ਼ ਤੈਅ ਕਰਨ ਲਈ ਇੱਕ ਹੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦੀ ਅਗਵਾਈ ਰੋਡ ਡਵੀਜ਼ਨ ਨੰਬਰ-3 ਦੇ ਐਗਜ਼ੀਕਿਊਟਿਵ ਇੰਜੀਨੀਅਰ ਕਰਨਗੇ, ਜਦਕਿ ਇਲੈਕਟ੍ਰੀਕਲ ਵਿੰਗ ਦੇ ਅਧਿਕਾਰੀ ਇਸ ਦੇ ਮੈਂਬਰ ਹੋਣਗੇ। ਕਮੇਟੀ ਵਲੋਂ ਡਿਜ਼ਾਈਨ, ਸਮੱਗਰੀ ਦੀ ਗੁਣਵੱਤਾ, ਉਚਿਤ ਰੌਸ਼ਨੀ ਅਤੇ ਲਾਗਤ-ਲਾਭ ਦਾ ਵਿਸ਼ਲੇਸ਼ਣ ਕਰਕੇ ਆਪਣੀਆਂ ਸਿਫ਼ਾਰਸ਼ਾਂ 29 ਜੂਨ ਨੂੰ ਹੋਣ ਵਾਲੀ ਜਨਰਲ ਹਾਊਸ ਮੀਟਿੰਗ ਵਿਚ ਪੇਸ਼ ਕੀਤੀਆਂ ਜਾਣਗੀਆਂ। ਮੀਟਿੰਗ ਮਗਰੋਂ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਮਿਲਣਾ ਨਗਰ ਨਿਗਮ ਦੀ ਸ਼ਹਿਰ ਦੇ ਹਰ ਸੈਕਟਰ, ਪਿੰਡ ਅਤੇ ਕਾਲੋਨੀ ਵਿਚ ਸੰਤੁਲਿਤ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਨਾਗਰਿਕ ਸਹੂਲਤਾਂ ’ਚ ਅਹਿਮ ਸੁਧਾਰ ਆਵੇਗਾ ਅਤੇ ਸ਼ਹਿਰ ਵਾਸੀਆਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ। ਨਗਰ ਨਿਗਮ ਵਲੋਂ ਲਏ ਗਏ ਇਹ ਫ਼ੈਸਲੇ ਚੰਡੀਗੜ੍ਹ ਦੇ ਸਮੁੱਚੇ ਵਿਕਾਸ ਵੱਲ ਇੱਕ ਅਹਿਮ ਕਦਮ ਵਜੋਂ ਦੇਖੇ ਜਾ ਰਹੇ ਹਨ। ਵਿਕਾਸ ਕਾਰਜਾਂ ਲਈ ਦਿੱਤੀ ਗਈ ਇਹ ਰਿਕਾਰਡ ਮਨਜ਼ੂਰੀ ਆਉਣ ਵਾਲੇ ਮਹੀਨਿਆਂ ’ਚ ਸ਼ਹਿਰ ਦੇ ਕਈ ਖੇਤਰਾਂ ਦੀ ਤਸਵੀਰ ਬਦਲ ਸਕਦੀ ਹੈ।
ਪਿਛਲੀ ਖ਼ਬਰ ਕੱਚੇ ਅਧਿਆਪਕ ਯੂਨੀਅਨ ਵਲੋਂ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ-ਮੁਹਾਲੀ ਬਾਰਡਰ ’ਤੇ ਧਰਨਾ ਸ਼ੁਰੂ ਅਗਲੀ ਖ਼ਬਰ ਨਗਰ ਪੰਚਾਇਤ ਸ਼ਾਹਕੋਟ ਦੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।