07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਨਗਰ ਪੰਚਾਇਤ ਸ਼ਾਹਕੋਟ ਦੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ’ਤੇ

ਅਜੀਤ ਡੈਸਕ 25-06-2026
ਸ਼ਾਹਕੋਟ, 24 ਜੂਨ (ਦਲਜੀਤ ਸਿੰਘ ਸਚਦੇਵਾ)- ਪਹਿਲਾਂ ਤੋਂ ਹੀ ਨਾਜਾਇਜ਼ ਕਬਜ਼ੇ ਅਧੀਨ ਨਗਰ ਪੰਚਾਇਤ ਸ਼ਾਹਕੋਟ ਦੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਮਾਮਲੇ ਵਿਚ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਅੱਖਾਂ ਮੀਟੀਆਂ ਹੋਈਆਂ ਹਨ ਤੇ ਨਾਜਾਇਜ਼ ਉਸਾਰੀ ਦਾ ਕੰਮ ਬੰਦ ਨਹੀਂ ਕਰਵਾਇਆ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਸ਼ਾਹਕੋਟ-ਮੋਗਾ ਨੈਸ਼ਨਲ ਹਾਈਵੇ ਦੇ ਨਜ਼ਦੀਕ ਨਗਰ ਪੰਚਾਇਤ ਸ਼ਾਹਕੋਟ ਦੀ ਢਾਈ ਏਕੜ ਜ਼ਮੀਨ ਪਈ ਹੈ। ਇਸ ਪੂਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਹੁੰਦਾ ਸੀ। ਇਸ ਜ਼ਮੀਨ ਦੇ ਕੁਝ ਹਿੱਸੇ ਵਿਚ ਪਹਿਲਾਂ ਹੀ ਇਕ ਨਾਜਾਇਜ਼ ਉਸਾਰੀ ਹੋਈ ਸੀ। ਨਗਰ ਪੰਚਾਇਤ ਸ਼ਾਹਕੋਟ ਵਲੋਂ ਇਸ ਜ਼ਮੀਨ ਦੇ ਇਕ ਵੱਡੇ ਹਿੱਸੇ ਨੂੰ ਕੁਝ ਸਾਲ ਪਹਿਲਾਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਸੀ, ਪਰ ਇਕ ਹਿੱਸੇ ਵਿਚ ਹੋਈ ਨਾਜਾਇਜ਼ ਉਸਾਰੀ ’ਤੇ ਰਿਹਾਇਸ਼ ਹੋਣ ਕਾਰਨ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਮਾਮਲਾ ਕਾਫ਼ੀ ਸਮੇਂ ਤੋਂ ਅਦਾਲਤ ਵਿਚ ਚੱਲ ਰਿਹਾ ਹੈ। ਹੇਠਲੀ ਅਦਾਲਤ ਨੇ ਨਗਰ ਪੰਚਾਇਤ ਦੇ ਹੱਕ ਵਿਚ ਫ਼ੈਸਲਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਕਬਜ਼ਾਧਾਰੀਆਂ ਨੇ ਉੱਪਰਲੀ ਅਦਾਲਤ ਵਿਚ ਅਪੀਲ ਦਾਇਰ ਕਰ ਦਿੱਤੀ। ਕਾਨੂੰਨੀ ਨਿਯਮਾਂ ਅਨੁਸਾਰ, ਜਦੋਂ ਤੱਕ ਅਦਾਲਤ ਵਿਚ ਕੇਸ ਚੱਲ ਰਿਹਾ ਹੋਵੇ, ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰਹਿਣੀ ਚਾਹੀਦੀ ਹੈ, ਪਰ ਨਿਯਮਾਂ ਨੂੰ ਛਿੱਕੇ ਟੰਗ ਕੇ ਕਬਜ਼ਾਧਾਰੀ ਹੁਣ ਹੋਰ ਵੀ ਨਾਜਾਇਜ਼ ਉਸਾਰੀ ਕਰ ਰਹੇ ਹਨ। ਇਸ ਮਾਮਲੇ ਵਿਚ ਨਗਰ ਪੰਚਾਇਤ ਦੇ ਅਧਿਕਾਰੀਆਂ ਦੀ ਭੂਮਿਕਾ ਸ਼ੱਕ ਦੇ ਘੇਰੇ ਵਿਚ ਹੈ। ਜਾਗਰੂਕ ਨਾਗਰਿਕਾਂ ਦਾ ਕਹਿਣਾ ਹੈ ਕਿ ਸ਼ਾਹਕੋਟ ਵਿਚ ਸ਼ਰੇਆਮ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ, ਪਰ ਨਗਰ ਪੰਚਾਇਤ ਦੇ ਅਧਿਕਾਰੀ ਆਪਣੇ ਦਫ਼ਤਰਾਂ ਵਿਚ ਬੈਠ ਕੇ ਏ. ਸੀ. ਦਾ ਆਨੰਦ ਮਾਣ ਰਹੇ ਹਨ ਤੇ ਸ਼ਹਿਰ ਵਿਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਦਾ ਮੌਕਾ ਦੇਖਣਾ ਵੀ ਜ਼ਰੂਰੀ ਨਹੀਂ ਸਮਝਦੇ। ਜਦੋਂ ਇਸ ਸੰਬੰਧੀ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਵਾਰ-ਵਾਰ ਕਰਨ ’ਤੇ ਵੀ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਦੂਜੇ ਪਾਸੇ ਨਗਰ ਪੰਚਾਇਤ ਦੇ ਜੇ. ਈ. , ਜੋ ਕਿ ਰਾਹੋਂ ਵਿਖੇ ਤਾਇਨਾਤ ਹਨ, ਜਿਨ੍ਹਾਂ ਕੋਲ ਨਗਰ ਪੰਚਾਇਤ ਸ਼ਾਹਕੋਟ ਦਾ ਐਡੀਸ਼ਨਲ ਚਾਰਜ ਵੀ ਹੈ, ਆਪਣੀ ਡਿਊਟੀ ਪ੍ਰਤੀ ਗੰਭੀਰ ਨਜ਼ਰ ਨਹੀਂ ਆਉਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਫ਼ਤੇ ਵਿਚ ਸਿਰਫ਼ ਇਕ ਦਿਨ ਹੀ ਸ਼ਾਹਕੋਟ ਆਉਂਦੇ ਹਨ। ਉਨ੍ਹਾਂ ਨੇ ਪੱਲਾ ਝਾੜਦਿਆਂ ਕਿਹਾ ਕਿ ਉਹ ਦਫ਼ਤਰ ਆਉਣ ’ਤੇ ਹੀ ਇਸ ਮਾਮਲੇ ਦੀ ਜਾਂਚ ਕਰਨਗੇ। ਇਹ ਨਾਜਾਇਜ਼ ਉਸਾਰੀਆਂ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਇਹ ਨਾਜਾਇਜ਼ ਉਸਾਰੀਆਂ ਸ਼ਰੇ੍ਹਆਮ ਹੋ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਪੰਚਾਇਤ ਸ਼ਾਹਕੋਟ ਦੇ ਅਧਿਕਾਰੀ ਇਸ ਨਾਜਾਇਜ਼ ਉਸਾਰੀ ਦੇ ਕੰਮ ਨੂੰ ਬੰਦ ਕਰਵਾਉਂਦੇ ਹਨ ਜਾਂ ਇਸ ਮਾਮਲੇ ਨੂੰ ਠੰਢੇ ਬਸਤੇ ਵਿਚ ਪਾਉਂਦੇ ਹਨ।
ਨਾਜਾਇਜ਼ ਉਸਾਰੀ ਦੇ ਕੰਮ ਨੂੰ ਬੰਦ ਕਰਵਾਇਆ ਜਾਵੇ- ਕਲਸੀ
ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਐੱਮ.ਸੀ. ਬੂਟਾ ਸਿੰਘ ਕਲਸੀ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਗ਼ੈਰ-ਕਾਨੂੰਨੀ ਕੰਮ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਫਿਲਹਾਲ ਵਿਦੇਸ਼ ਦੌਰੇ ’ਤੇ ਹਨ ਤੇ ਉਨ੍ਹਾਂ ਦੇ ਵਾਪਸ ਆਉਂਦਿਆਂ ਹੀ ਇਸ ਮਾਮਲੇ ’ਤੇ ਗੱਲਬਾਤ ਕੀਤੀ ਜਾਵੇਗੀ। ਕਲਸੀ ਨੇ ਕਿਹਾ ਕਿ ਨਗਰ ਪੰਚਾਇਤ ਦੇ ਅਧਿਕਾਰੀ ਸਰਕਾਰੀ ਜ਼ਮੀਨ ’ਤੇ ਹੋ ਰਹੀ ਨਾਜਾਇਜ਼ ਉਸਾਰੀ ਦੇ ਕੰਮ ਨੂੰ ਬੰਦ ਕਰਵਾਉਣ ਦੀ ਕਾਰਵਾਈ ਅਮਲ ਵਿਚ ਲਿਆਉਣ।
ਪਿਛਲੀ ਖ਼ਬਰ ਵਿਕਾਸ ਕਾਰਜਾਂ ਦੀ ਹਨੇਰੀ ਜਾਂ ਸਿਆਸੀ ਇਮਤਿਹਾਨ ? ਅਗਲੀ ਖ਼ਬਰ ਬਲੈਰੋ ਗੱਡੀ ਅਤੇ ਟਰੱਕ ਦੇ ਟਕਰਾਉਣ ਕਾਰਨ ਵਾਪਰਿਆ ਹਾਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।