ਐੱਸ.ਏ.ਐੱਸ. ਨਗਰ, 6 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਸਥਾਨਕ ਫ਼ੇਜ਼ 9 ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਦੇਰ ਸਾਮ 7 ਵਜੇ ਖੇਡੇ ਗਏ 15 ਵੇਂ ਮੈਚ ਵਿਚ ਸੁਭਮਨ ਗਿੱਲ ਦੀ ਫ਼ਾਜ਼ਿਲਕਾ ਫਾਲਕਨਜ਼ ਨੇ ਅਰਸ਼ਦੀਪ ਸਿੰਘ ਦੀ ਲੁਧਿਆਣਾ ਲਾਇਨਜ਼ ਨੂੰ ਇੱਕ ਦੌੜ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆ ਫ਼ਾਜ਼ਿਲਕਾ ਫਾਲਕਨਜ਼ ਨੇ ਨਿਰਧਾਰਿਤ ਕੀਤੇ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਤੇ 170 ਦੌੜਾਂ ਬਣਾ ਕੇ ਲੁਧਿਆਣਾ ਲਾਇਨਜ਼ ਨੂੰ ਮੈਚ ਜਿੱਤਣ ਲਈ 171 ਦੌੜਾਂ ਦਾ ਟੀਚਾ ਦਿੱਤਾ। ਲੁਧਿਆਣਾ ਲਾਇਨਜ਼ 7 ਵਿਕਟਾਂ ਦੇ ਨੁਕਸਾਨ ਤੇ 169 ਦੌੜਾਂ ਬਣਾ ਕੇ ਜਿੱਤ ਤੋਂ ਇੱਕ ਦੌੜ ਪਿੱਛੇ ਰਹਿ ਗਈ ਤੇ ਮੈਚ ਹਾਰ ਗਈ। ਫ਼ਾਜ਼ਿਲਕਾ ਫਾਲਕਨਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਵਿਹਾਨ ਮਲਹੋਤਰਾ ਦੀ ਪਹਿਲੀ ਵਿਕਟ 8 ਦੌੜਾਂ ਤੇ ਡਿੱਗਣ ਤੋਂ ਬਾਅਦ ਬੱਲੇਬਾਜ਼ਾਂ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ। ਸ਼ੁਭਮਨ ਗਿੱਲ ਨੇ 21 ਗੇਂਦਾਂ ‘ਚ 7 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 40 ਦੌੜਾਂ ਦੀ ਪਾਰੀ ਖੇਡੀ ਜਦਕਿ ਆਂਸਲ ਚੌਧਰੀ 15 ਦੌੜਾਂ, ਈਸ਼ ਰਾਓ 25 ਦੌੜਾਂ, ਪ੍ਰੀਤ ਦੱਤਾ 36 ਦੌੜਾਂ ਤੇ ਜੈਵੀਰ ਭਿੰਡਰ 21 ਦੋੜਾਂ, ਕਪਤਾਨ ਸਨਵੀਰ ਸਿੰਘ 17 ਦੌੜਾਂ ਬਣਾਈਆਂ। ਲੁਧਿਆਣਾ ਲਾਇਨਜ਼ ਲਈ ਕਾਰਤਿਕ ਚੱਢਾ 9 ਦੌੜਾਂ ਦੇ ਕੇ 4 ਵਿਕਟਾਂ, ਮਾਧਵ ਸਿੰਘ ਪਠਾਨੀਆ ਤੇ ਸਾਹਿਲ ਭਾਸਕਰ ਨੇ 2 –2 ਵਿਕਟਾਂ ਜਦਕਿ ਕ੍ਰਿਸ਼ ਭਗਤ ਨੇ 1 ਵਿਕਟ ਹਾਸਿਲ ਕੀਤੀ। ਦਿਤੇ ਟੀਚੇ ਦਾ ਪਿਛਾ ਕਰਦਿਆਂ ਲੁਧਿਆਣਾ ਲਾਇਨਜ਼ ਟੀਚੇ ਤੋਂ ਸਿਰਫ਼ ਇਕ ਦੌੜ ਪਿੱਛੇ ਰਹਿ ਗਈ। ਲੁਧਿਆਣਾ ਲਾਇਨਜ਼ ਦੀ ਪਹਿਲੀ ਵਿਕਟ ਡਿੱਗਣ ਤੋਂ ਬਾਅਦ ਲੁਧਿਆਣਾ ਦੇ ਬੱਲੇਬਾਜ਼ ਫ਼ਾਜ਼ਿਲਕਾ ਫਾਲਕਨਜ਼ ਦੇ ਗੇਂਦਬਾਜ਼ਾਂ ਦੇ ਦਬਾਅ ਵਿਚ ਆ ਗਏ। ਆਖ਼ਰੀ ਓਵਰਾਂ ਵਿਚ ਮਾਧਵ ਸਿੰਘ ਪਠਾਨੀਆ ਤੇ ਕ੍ਰਿਸ਼ ਭਗਤ ਨੇ ਸਾਂਝੀਦਾਰੀ ਕਰਦਿਆਂ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇੱਕ ਦੌੜ ਪਿੱਛੇ ਰਹਿ ਗਏ। ਮਾਧਵ ਸਿੰਘ ਪਠਾਨੀਆ ਨਾਬਾਦ 37 ਦੌੜਾਂ ਤੇ ਕ੍ਰਿਸ਼ ਭਗਤ ਨਾਬਾਦ 28 ਦੌੜਾਂ ਦੀ ਪਾਰੀ ਖੇਡੀ ਜਦਕਿ ਕਾਰਤਿਕ ਸ਼ਰਮਾ ਨੇ 32 ਦੌੜਾਂ, ਅਭਿਜੀਤ ਗਰਗ ਨੇ 17 ਦੌੜਾਂ, ਅਰਜੁਨ ਰਾਜਪੂਤ 27 ਦੌੜਾਂ ਬਣਾਈਆ। ਲੁਧਿਆਣਾ ਲਾਇਨਜ਼ ਲਈ ਵਿਹਾਨ ਮਲਹੋਤਰਾ ਤੇ ਪਰੀਰਤ ਦੱਤਾ ਨੇ 2 -2 ਵਿਕਟਾਂ, ਗਰਵ ਕੁਮਾਰ, ਜਸ਼ਨ ਜਿੰਦਲ ਤੇ ਰਘੂ ਸ਼ਰਮਾ 1-1 ਵਿਕਟ ਹਾਸਿਲ ਕੀਤੀ।