ਖਰੜ, 2 ਜੂਨ (ਜੰਡਪੁਰੀ)-ਖਰੜ ਦੇ ਐਸ.ਡੀ.ਐਮ. ਦਫ਼ਤਰ ਵਾਲੀ ਇਮਾਰਤ 'ਚ ਭੀੜ-ਭੜੱਕਾ ਹੋਣ ਕਾਰਨ ਲੋਕਾਂ ਨੂੰ ਬੈਠਣ ਲਈ ਜਗ੍ਹਾ ਵੀ ਨਹੀਂ ਮਿਲਦੀ, ਜਦਕਿ ਖਰੜ ਦੇ ਤਹਿਸੀਲ ਕੰਪਲੈਕਸ 'ਚ 'ਚ ਜ਼ਿਆਦਾ ਕੰਮਕਾਜ਼ ਨਾ ਹੋਣ ਕਰਕੇ ਇਹ ਇਮਾਰਤ ਸੁੰਨਸਾਨ ਦੇਖਣ ਨੂੰ ਮਿਲਦੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਦੇ ਐਸ.ਡੀ.ਐਮ. ਦਫ਼ਤਰ ਵਾਲੀ ਇਮਾਰਤ 'ਚ ਦੋ ਰਜਿਸਟਰਾਰਾਂ ਕੋਲ ਰਜਿਸਟਰੀਆਂ ਹੋਣ, ਲਾਇਸੰਸਾਂ ਦਾ ਕੰਮ ਹੋਣ, ਈ. ਜੀ. ਰਜਿਸਟਰੀ ਦਾ ਕੰਮ, ਇਮਾਰਤ ਵਿਚਲੇ ਸੁਵਿਧਾ ਕੇਂਦਰ 'ਚ ਮੈਰਿਜ ਰਜਿਸਟਰ, ਹਲਫੀਆ ਬਿਆਨ, ਲੋਕਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਸੰਬੰਧੀ ਕੰਮ ਅਤੇ ਸ਼ਿਕਾਇਤਾਂ ਸੰਬੰਧੀ ਲੱਗਣ ਵਾਲੀ ਐਸ.ਡੀ.ਐਮ. ਅਦਾਲਤ ਕਾਰਨ ਹਰ ਸਮੇਂ ਭੀੜ ਜੁੱਟੀ ਰਹਿੰਦੀ ਹੈ | ਇਸ ਤੋਂ ਇਲਾਵਾ ਪੁਲਿਸ ਨਾਲ ਸੰਬੰਧਿਤ 107/151 ਅਤੇ ਹੋਰ ਮਾਮਲੇ ਵੀ ਇਥੇ ਨਿਪਟਾਏ ਜਾਂਦੇ ਹਨ | ਅਸਲ 'ਚ ਐਸ.ਡੀ.ਐਮ. ਦਫ਼ਤਰ ਵਾਲੀ ਇਮਾਰਤ 'ਚ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਣ ਕਾਰਨ ਹੋਰ ਵੀ ਜ਼ਿਆਦਾ ਭੀੜ-ਭੜੱਕਾ ਵਧ ਗਿਆ ਹੈ, ਜਦਕਿ ਤਹਿਸੀਲ ਕੰਪਲੈਕਸ ਜਿਥੇ ਕਿ ਪਹਿਲਾਂ ਰਜਿਸਟਰੀਆਂ ਹੁੰਦੀਆਂ ਸਨ, ਸਰਕਾਰ ਦੀ ਈ.ਜੀ. ਸਕੀਮ ਸ਼ੁਰੂ ਹੋਣ ਕਰਕੇ ਇਥੋਂ ਰਜਿਸਟਰੀਆਂ ਦਾ ਕੰਮ ਬਦਲ ਕੇ ਐਸ.ਡੀ.ਐਮ. ਦਫ਼ਤਰ ਵਾਲੀ ਇਮਾਰਤ 'ਚ ਚਲਾ ਗਿਆ ਹੈ | ਤਹਿਸੀਲ ਕੰਪਲੈਕਸ 'ਚ ਵੀ ਰਜਿਸਟਰੀਆਂ ਕਰਨ ਲਈ ਦੋ ਰਜਿਸਟਰ ਨਿਯੁਕਤ ਕਰਨ ਤੋਂ ਪਹਿਲਾਂ ਹੀ ਕਮਰੇ ਤਿਆਰ ਕਰ ਲਏ ਗਏ ਸਨ, ਪਰ ਇਥੇ ਕੰਮ ਸ਼ੁਰੂ ਨਾ ਹੋਣ ਕਰਕੇ ਤਹਿਸੀਲ ਕੰਪਲੈਕਸ 'ਚ ਸਨਾਟਾ ਪਸਰਿਆ ਰਹਿੰਦਾ ਹੈ | ਐਸ.ਡੀ.ਐਮ. ਦਫ਼ਤਰ ਵਾਲੀ ਇਮਾਰਤ ਜਿਥੇ ਕਿ ਰੋਜ਼ਾਨਾ 100 ਤੋਂ ਵੱਧ ਰਜਿਸਟਰੀਆਂ ਹੁੰਦੀਆਂ ਹਨ, ਵਿਖੇ ਰਜਿਸਟਰੀ ਕਰਵਾਉਣ ਵਾਲੇ ਵਿਅਕਤੀਆਂ ਸਮੇਤ ਗਵਾਹਾਂ ਤੇ ਨੰਬਰਦਾਰਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ, ਜੋ ਕਿ ਜਗ੍ਹਾ ਘੱਟ ਹੋਣ ਕਾਰਨ ਇਕ ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ | ਇਥੇ ਵੱਡੀ ਗਿਣਤੀ ਲੋਕ ਆਪਣੀਆਂ ਰਜਿਸਟਰੀਆਂ ਦੀ ਵਾਰੀ ਆਉਣ ਦੀ ਉਡੀਕ 'ਚ ਖੜ੍ਹੇ ਰਹਿੰਦੇ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਨੇ ਕਿਹਾ ਕਿ ਤਹਿਸੀਲ ਕੰਪਲੈਕਸ 'ਚ ਲੋਕਾਂ ਦੀ ਬਹੁਤਾਤ ਨਾ ਹੋਣ ਕਰਕੇ ਇਥੇ ਲੱਗੀਆਂ ਕੁਰਸੀਆਂ ਖਾਲੀ ਪਈਆਂ ਰਹਿੰਦੀਆਂ ਹਨ, ਜਦਕਿ ਐਸ.ਡੀ.ਐਮ. ਕੰਪਲੈਕਸ 'ਚ ਲੋਕਾਂ ਦੇ ਬੈਠਣ ਲਈ ਕੁਰਸੀਆਂ ਘੱਟ ਹਨ, ਜਿਸ ਕਾਰਨ ਗਰਮੀ ਦੇ ਇਸ ਮੌਸਮ 'ਚ ਲੋਕ ਮੁੜ੍ਹਕਾ-ਮੁੜ੍ਹਕੀ ਹੋਈ ਦਿਖਾਈ ਦਿੰਦੇ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਰੜ ਵਿਖੇ ਹੋਣ ਵਾਲੀਆਂ ਰਜਿਸਟਰੀਆਂ ਦਾ ਕੰਮ ਐਸ.ਡੀ.ਐਮ. ਦਫ਼ਤਰ ਵਾਲੀ ਇਮਾਰਤ ਤੋਂ ਤਬਦੀਲ ਕਰਕੇ ਪੁਰਾਣੇ ਤਹਿਸੀਲ ਕੰਪਲੈਕਸ 'ਚ ਭੇਜਿਆ ਜਾਵੇ ਕਿਉਂਕਿ ਇਸ ਤਰ੍ਹਾਂ ਹੋਣ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਘਟ ਸਕਦੀਆਂ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਐਸ.ਡੀ.ਐਮ. ਦਫ਼ਤਰ ਵਾਲੀ ਇਮਾਰਤ ਦਾ ਦੌਰਾ ਕਰਕੇ ਜਾਣਕਾਰੀ ਹਾਸਿਲ ਕਰਨ ਅਤੇ ਰਜਿਸਟਰੀਆਂ ਦੇ ਕੰਮ ਨੂੰ ਮੁੜ ਪੁਰਾਣੇ ਤਹਿਸੀਲ ਕੰਪਲੈਕਸ 'ਚ ਤਬਦੀਲ ਕੀਤਾ ਜਾਵੇ |