ਐੱਸ. ਏ. ਐੱਸ. ਨਗਰ, 2 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਲੋਕ-ਪੱਖੀ ਯੋਜਨਾਵਾਂ ਨੇ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦਿੱਤੀ ਹੈ | ਉਨ੍ਹਾਂ ਕਿਹਾ ਕਿ 7.4 ਫ਼ੀਸਦੀ (ਜੀ.ਡੀ.ਪੀ.) ਵਿਕਾਸ ਦਰ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਅੱਜ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਅਰਥ-ਵਿਵਸਥਾਵਾਂ ਵਿਚ ਸ਼ੁਮਾਰ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪੀ. ਐਮ. ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਦੇਸ਼ ਭਰ ਦੇ 1 ਕਰੋੜ ਘਰਾਂ 'ਤੇ ਸੋਲਰ ਪੈਨਲ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ | ਇਸ ਯੋਜਨਾ ਤਹਿਤ ਲੱਖਾਂ ਘਰ ਪਹਿਲਾਂ ਹੀ ਸੋਲਰ ਊਰਜਾ ਨਾਲ ਜੁੜ ਚੁੱਕੇ ਹਨ | ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੀ.ਐਮ. ਵਿਸ਼ਵਕਰਮਾ ਯੋਜਨਾ ਰਾਹੀਂ ਕਾਰੀਗਰਾਂ ਅਤੇ ਰਵਾਇਤੀ ਦਸਤਕਾਰਾਂ ਨੂੰ ਵਿੱਤੀ ਸਹਾਇਤਾ, ਹੁਨਰ ਵਿਕਾਸ ਅਤੇ ਆਧੁਨਿਕ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ, ਜਦਕਿ ਸਟਾਰਟਅੱਪ ਇੰਡੀਆ, ਮੇਕ ਇੰਨ ਇੰਡੀਆ, ਆਯੁਸ਼ਮਾਨ ਭਾਰਤ, ਪੀ. ਐਮ. ਕਿਸਾਨ ਸਨਮਾਨ ਨਿਧੀ, ਵੰਦੇ ਭਾਰਤ ਟ੍ਰੇਨਾਂ, ਗਤੀ ਸ਼ਕਤੀ ਮਾਸਟਰ ਪਲਾਨ ਅਤੇ ਪੀ. ਐਮ. ਈ-ਡਰਾਈਵ ਸਕੀਮ ਵਰਗੀਆਂ ਪਹਿਲਕਦਮੀਆਂ ਨੇ ਦੇਸ਼ ਵਿਚ ਰੁਜ਼ਗਾਰ, ਨਿਵੇਸ਼, ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਨੂੰ ਨਵੀਂ ਮਜ਼ਬੂਤੀ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇਲੈਕਟਿ੍ਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਹਜ਼ਾਰਾਂ ਕਰੋੜ ਰੁ. ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੰਕਲਪ ਨੂੰ ਜ਼ਰੂਰ ਪੂਰਾ ਕਰੇਗਾ |