11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੁਨੀਲ ਮੌਦਗਿਲ ਦੀ ਤਾਜਪੋਸ਼ੀ ਨਾਲ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਸਮੀਕਰਨ ਬਦਲੇ

ਅਜੀਤ ਡੈਸਕ 24-07-2026
ਲੁਧਿਆਣਾ, 23 ਜੁਲਾਈ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਵਲੋਂ ਸੁਨੀਲ ਮੌਦਗਿਲ ਨੂੰ ਲੁਧਿਆਣਾ ਸ਼ਹਿਰੀ ਦਾ ਨਵਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਪਾਰਟੀ ਦੀ ਅੰਦਰੂਨੀ ਸਿਆਸਤ ਗਰਮਾ ਗਈ ਹੈ। ਹਾਲ ਹੀ ਵਿਚ ਪਾਰਟੀ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ, ਜਿਸ ਤਹਿਤ ਇਹ ਬਦਲਾਅ ਕੀਤਾ ਗਿਆ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਇਸ ਨਿਯੁਕਤੀ ਤੋਂ ਬਾਅਦ ਲੁਧਿਆਣਾ ਸ਼ਹਿਰੀ ਭਾਰਤੀ ਜਨਤਾ ਪਾਰਟੀ ਵਿਚ ਚੱਲ ਰਹੀ ਖੇਮਾਬੰਦੀ ਹੋਰ ਸਪਸ਼ਟ ਹੋ ਕੇ ਸਾਹਮਣੇ ਆਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਵੇਲੇ ਸੁਨੀਲ ਮੌਦਗਿਲ, ਸਾਬਕਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ, ਦਿਨੇਸ਼ ਸਰਪਾਲ ਨਾਲ ਜੁੜੇ ਧੜੇ ਆਪੋ ਆਪਣੀਆਂ ਸਰਗਰਮੀਆਂ ਵਧਾ ਰਹੇ ਹਨ। ਸੂਤਰਾਂ ਦਾ ਦਾਅਵਾ ਹੈ ਕਿ ਸੁਨੀਲ ਮੌਦਗਿਲ ਦੀ ਨਿਯੁਕਤੀ ਤੋਂ ਬਾਅਦ ਅਜੇ ਤੱਕ ਸਾਬਕਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਉਨ੍ਹਾਂ ਦੇ ਕਰੀਬੀ ਆਗੂਆਂ ਵਲੋਂ ਰਸਮੀ ਤੌਰ ’ਤੇ ਮਿਲ ਕੇ ਵਧਾਈ ਨਹੀਂ ਦਿੱਤੀ ਗਈ। ਸਿਆਸੀ ਹਲਕਿਆਂ ਵਿਚ ਇਸ ਨੂੰ ਵੀ ਅੰਦਰੂਨੀ ਸਮੀਕਰਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਰਜਨੀਸ਼ ਧੀਮਾਨ ਨੂੰ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੰਗਠਨ ਮੰਤਰੀ ਸ਼੍ਰੀਨਿਵਾਸਲੂ ਦਾ ਸਮਰਥਨ ਪ੍ਰਾਪਤ ਰਿਹਾ। ਇਹ ਵੀ ਚਰਚਾ ਹੈ ਕਿ ਅਸ਼ਵਨੀ ਸ਼ਰਮਾ ਨੂੰ ਸੂਬਾ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਧੀਮਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਸਨ, ਪਰ ਉਚ ਪੱਧਰ ਦੇ ਸਮਰਥਨ ਕਾਰਨ ਉਹ ਉਸ ਸਮੇਂ ਆਪਣਾ ਅਹੁਦਾ ਬਚਾਉਣ ਵਿਚ ਸਫਲ ਰਹੇ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਸੁਨੀਲ ਮੌਦਗਿਲ ਨੂੰ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਸੀਨੀਅਰ ਆਗੂ ਤਰੁਣ ਚੁੱਘ ਅਤੇ ਅਸ਼ਵਨੀ ਸ਼ਰਮਾ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨਾਲ ਪ੍ਰਵੀਨ ਬਾਂਸਲ, ਜੀਵਨ ਗੁਪਤਾ, ਡਾ. ਸੁਭਾਸ਼ ਵਰਮਾ ਸਰਗਰਮ ਦੱਸੇ ਜਾਂਦੇ ਹਨ, ਉਥੇ ਹੀ ਰਜਨੀਸ਼ ਧੀਮਾਨ ਵਲੋਂ ਗੁਰਦੇਵ ਸ਼ਰਮਾ ਦੇਬੀ, ਅਨਿਲ ਸਰੀਨ ਅਤੇ ਜਤਿੰਦਰ ਮਿੱਤਲ ਵਰਗੇ ਸੀਨੀਅਰ ਆਗੂਆਂ ਦੇ ਖੜ੍ਹੇ ਹੋਣ ਦੀ ਵੀ ਚਰਚਾ ਹੈ। ਸੂਤਰਾਂ ਅਨੁਸਾਰ ਪੁਸ਼ਪਿੰਦਰ ਸਿੰਗਲ ਦੋਵੇਂ ਮੁੱਖ ਧੜਿਆਂ ਤੋਂ ਵੱਖ ਆਪਣੀ ਸਿਆਸੀ ਸਰਗਰਮੀ ਵਿਚ ਲੱਗੇ ਹੋਏ ਹਨ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਸੁਨੀਲ ਮੌਦਗਿਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਣਨ ਨਾਲ ਹੀ ਸ਼ਹਿਰ ਦੀਆਂ 6 ਵਿਧਾਨਸਭਾ ਸੀਟਾਂ ਲਈ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਵੀ ਵੱਖ-ਵੱਖ ਧੜਿਆਂ ਨੇ ਆਪਣੀ-ਆਪਣੀ ਰਣਨੀਤੀ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰ ਧੜਾ ਆਪਣੇ ਸਮਰਥਕਾਂ ਨੂੰ ਟਿਕਟ ਦੀ ਦੌੜ ਵਿਚ ਅੱਗੇ ਲਿਆਉਣ ਲਈ ਲੱਗਿਆ ਹੋਇਆ ਦੱਸਿਆ ਜਾ ਰਿਹਾ ਹੈ, ਜਦਕਿ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਵਿਚ ਕਿਸੇ ਵੀ ਤਰ੍ਹਾਂ ਦੀ ਖੇਮਾਬੰਦੀ ਨਹੀਂ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਭਾਰਤੀ ਜਨਤਾ ਪਾਰਟੀ ਇਕਜੁੱਟ ਪਾਰਟੀ ਹੈ ਅਤੇ ਸਾਰੇ ਆਗੂ ਤੇ ਕਾਰਕੁਨ ਸੰਗਠਨ ਦੀ ਮਰਿਆਦਾ ਅਨੁਸਾਰ ਮਿਲ ਕੇ ਕੰਮ ਕਰਦੇ ਹਨ।
ਪਿਛਲੀ ਖ਼ਬਰ ਫਾਰਚੂਨਰ ਕਾਰ ਦੇ ਟਾਇਰ ਚੋਰੀ ਕਰਨ ਵਾਲੇ ਦੋ ਕਾਬੂ ਅਗਲੀ ਖ਼ਬਰ ਨਵਵਿਆਹੁਤਾ ’ਤੇ ਅੰਨ੍ਹਾ ਤਸ਼ੱਦਦ ਕਰਨ ਦੇ ਮਾਮਲੇ ਵਿਚ ਪਤੀ ਅਤੇ ਸਹੁਰਾ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।