ਲੁਧਿਆਣਾ, 23 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੀ ਪੁਲਿਸ ਨੇ ਨਵ ਵਿਆਹੁਤਾ ‘ਤੇ ਅੰਨ੍ਹਾ ਤਸ਼ੱਦਦ ਕਰਨ ਦੇ ਮਾਮਲੇ ਵਿਚ ਉਸਦੇ ਪਤੀ ਅਤੇ ਸਹੁਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਸ ਮਾਮਲੇ ਵਿਚ ਤਿੰਨ ਹੋਰ ਰਿਸ਼ਤੇਦਾਰਾਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਇਹ ਕਾਰਵਾਈ ਗਰੀਨ ਐਵਨਿਊ ਪੱਖੋਵਾਲ ਰੋਡ ‘ਤੇ ਰਹਿਣ ਵਾਲੀ ਕੁਲਜਿੰਦਰ ਕੌਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਅਮਨਦੀਪ ਸਿੰਘ ਪਤੀ, ਸਹੁਰਾ ਬਲਵਿੰਦਰ ਸਿੰਘ, ਜਸਵਿੰਦਰ ਕੌਰ, ਮਨਦੀਪ ਕੌਰ ਅਤੇ ਮਨਦੀਪ ਕੌਰ ਦੇ ਪਤੀ ਗੁਰਮਨਦੀਪ ਸਿੰਘ ਵਾਸੀ ਮੁੱਲਾਂਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਅਮਨਦੀਪ ਅਤੇ ਬਲਵਿੰਦਰ ਸਿੰਘ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਕਥਿਤ ਦੋਸ਼ੀ ਅਜੇ ਫ਼ਰਾਰ ਦੱਸੇ ਜਾਂਦੇ ਹਨ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸ਼ਾਦੀ ਉਕਤ ਕਥਿਤ ਦੋਸ਼ੀ ਨਾਲ ਪਿਛਲੇ ਸਾਲ 5 ਜੁਲਾਈ ਨੂੰ ਹੋਈ ਸੀ, ਪਰ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਕਥਿਤ ਦੋਸ਼ੀ ਉਸ ਨੂੰ ਦਾਜ ਖ਼ਾਤਰ ਤੰਗ ਪਰੇਸ਼ਾਨ ਕਰਨ ਲੱਗ ਪਏ ਅਤੇ ਕਥਿਤ ਦੋਸ਼ੀ ਇਸ ਲਈ ਉਸ ‘ਤੇ ਅੰਨ੍ਹਾ ਤਸ਼ੱਦਦ ਕਰਦੇ ਸਨ। ਕਥਿਤ ਦੋਸ਼ੀਆਂ ਵਲੋਂ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਕਿਸੇ ਤਰੀਕੇ ਉਹ ਆਪਣੇ ਸਹੁਰੇ ਘਰ ਤੋਂ ਬਚ ਕੇ ਪੇਕੇ ਘਰ ਆ ਗਈ ਤੇ ਇਸ ਮਾਮਲੇ ਵਿਚ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਕਾਬੂ ਕੀਤਾ ਗਿਆ ਕਥਿਤ ਦੋਸ਼ੀ ਅਮਨਦੀਪ ਸਿੰਘ ਬੈਂਕ ਮੈਨੇਜਰ ਹੈ। ਪੁਲਿਸ ਵਲੋਂ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।