ਆਲਮਗੀਰ, 31 ਮਾਰਚ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕ ਅਹਿਮ ਮੀਟਿੰਗ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਮੀਤ ਪ੍ਰਧਾਨ ਬਲਜੀਤ ਸਿੰਘ ਗਿੱਲ ਸਾਬਕਾ ਸਰਪੰਚ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਸਿਵਲ ਜੱਜ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦੌਰਾਨ ਪਾਰਟੀ ਦੇ ਪ੍ਰਚਾਰ, ਪਸਾਰ ਅਤੇ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਸਬੰਧੀ ਭਰਵਾਂ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਦੌਰਾਨ ਹਲਕਾ ਇੰਚਾਰਜ ਸਿੰਮਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਨੂੰ ਲਾਵਾਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਪਸਾਰ ਲਈ ਹੋਰਨਾਂ ਸੂਬਿਆਂ ਵਿਚ ਵਿਚਰ ਰਹੇ ਹਨ, ਜਿਸ ਨਾਲ ਸੂਬੇ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਦੀ ਬਜਾਏ ਲਾਅਰੇਬਾਜ਼ੀ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ | ਹਲਕਾ ਇੰਚਾਰਜ ਸਿੰਮਕ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਹੋਏ ਲੋਕ ਹਿਤਾਂ ਦੀ ਰੱਖਿਆ ਲਈ ਡੱਟ ਕੇ ਖੜ੍ਹਾ ਹੋਇਆ ਹੈ | ਉਨ੍ਹਾਂ ਨੇ ਹਾਜ਼ਰ ਵਰਕਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਘਰ ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਣੂ ਕਰਵਾਉਣ, ਤਾਂ ਜੋ ਲੋਕ ਸਚਾਈ ਤੋਂ ਜਾਣੂ ਹੋ ਸਕਣ | ਹਲਕਾ ਇੰਚਾਰਜ ਸਿੰਮਕ ਨੇ ਕਿਹਾ ਕਿ ਹਲਕਾ ਗਿੱਲ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਉੱਠਿਆ ਤੂਫ਼ਾਨ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਕੋਲੋਂ ਥੰਮਿਆ ਨਹੀਂ ਜਾਣਾ, ਜਦਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਗਠਨ ਹੋਣਾ ਤੈਅ ਹੈ | ਅਖੀਰ ਵਿਚ ਸਾਬਕਾ ਸਰਪੰਚ ਬਲਜੀਤ ਸਿੰਘ ਗਿੱਲ ਨੇ ਆਈ ਲੀਡਰਸ਼ਿਪ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਹਲਕਾ ਇੰਚਾਰਜ ਸਿੰਮਕ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਜਿੱਤ ਲਈ ਹੁਣ ਤੋਂ ਹੀ ਸਾਥੀਆਂ ਸਮੇਤ ਵਿਸ਼ੇਸ਼ ਮੁਹਿੰਮ ਆਰੰਭ ਕਰਨਗੇ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਰਘਬੀਰ ਸਿੰਘ ਪੰਚ, ਰਣਜੀਤ ਸਿੰਘ ਪ੍ਰਧਾਨ, ਜਰਨੈਲ ਸਿੰਘ ਸਾਬਕਾ ਪੰਚ, ਵਰਿਆਮ ਸਿੰਘ, ਧਰਮਪਾਲ ਸਿੰਘ ਗਿੱਲ ਪੰਚ, ਖੁਸ਼ਪ੍ਰੀਤ ਸਿੰਘ, ਜਸਵੀਰ ਸਿੰਘ ਗਿੱਲ, ਰਾਜੂ ਲੰਬਰਦਾਰ, ਰਜਿੰਦਰ ਸਿੰਘ, ਜਸਪਾਲ ਸਿੰਘ ਜੱਸਾ, ਬਿਕਰਮ ਸਿੰਘ ਖ਼ਾਲਸਾ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ ਗਿੱਲ, ਹਰਵਿੰਦਰ ਸਿੰਘ ਮਾਨ, ਗੁਰਦੀਪ ਸਿੰਘ ਰਾਜੂ ਦਿਉਲ ਆਲਮਗੀਰ, ਜਤਿੰਦਰ ਸਿੰਘ ਗਿੱਲ, ਰਵਿੰਦਰ ਸਿੰਘ, ਤਜਿੰਦਰ ਸਿੰਘ, ਪਰਮੀਤ ਸਿੰਘ, ਬਹਾਦਰ ਸਿੰਘ, ਕਸ਼ਮੀਰਾ ਸਿੰਘ ਆਲਮਗੀਰ, ਸੁਖਦੀਪ ਸਿੰਘ, ਬੂਟਾ ਸਿੰਘ, ਨਗਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |