ਫਤਿਆਬਾਦ, 29 ਮਾਰਚ (ਹਰਵਿੰਦਰ ਸਿੰਘ ਧੂੰਦਾ)-ਸ਼ਬਦ ਗੁਰੂ ਸਪੋਰਟਸ ਕਲੱਬ ਫ਼ਤਿਆਬਾਦ ਵਲੋਂ ਅਤੇ ਬਸਰਾ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਫ਼ਤਿਆਬਾਦ ਦੇ ਖੇਡ ਸਟੇਡੀਅਮ (ਗਰਾਊਾਡ) ਵਿਖੇ ਦੂਸਰਾ ਤਿੰਨ ਰੋਜ਼ਾ ਵਿਸ਼ਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਹ ਖੇਡ ਮੇਲਾ 3, 4 ਅਤੇ 5 ਅਪ੍ਰੈਲ 2026 ਨੂੰ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਸਬੀਰ ਸਿੰਘ ਸਾਬੀ ਮੈਂਬਰ ਪੰਚਾਇਤ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਬਲਿਹਾਰ ਸਿੰਘ ਨਾਰਵੇ ਵਾਲੇ ਅਤੇ ਬਸਰਾ ਪਰਿਵਾਰ ਖਾਨ ਰਜਾਦਾ ਵਲੋਂ ਸਾਂਝੇ ਤੌਰ 'ਤੇ ਕੀਤਾ ਜਾਵੇਗਾ | ਇਸ ਮੌਕੇ 40 ਸਾਲ ਤੋਂ ਉਪਰ ਵਾਲਿਆਂ ਦਾ ਕਬੱਡੀ ਦਾ ਸ਼ੋਅ ਮੈਚ ਤੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਖੇਡਾਂ ਦੇ ਅਖੀਰਲੇ ਦਿਨ 5 ਅਪ੍ਰੈਲ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੌਰ 'ਤੇ ਪਹੁੰਚਣਗੇ, ਜਿਨ੍ਹਾਂ ਦੇ ਨਾਲ ਬਸਰਾ ਪਰਿਵਾਰ ਖਾਨ ਰਜਾਦਾ ਵੀ ਮੌਜੂਦ ਰਹਿਣਗੇ | ਕਲੱਬ ਦੇ ਅਹੁਦੇਦਾਰਾਂ ਮਲਕੀਤ ਸਿੰਘ ਐੱਲ. ਆਈ. ਸੀ., ਚਰਨਜੀਤ ਸਿੰਘ ਦਿਓਲ ਅਤੇ ਹਰਜੀਤ ਸਿੰਘ ਮੈਂਬਰ ਪੰਚਾਇਤ ਤੇ ਅਕਾਸ਼ ਬਾਵਾ ਨੇ ਦੱਸਿਆ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਲਾਕੇ ਦੀਆਂ ਨਾਮਵਰ ਟੀਮਾਂ ਇਸ ਵਿਚ ਹਿੱਸਾ ਲੈਣਗੀਆਂ | ਪ੍ਰਬੰਧਕਾਂ ਵੱਲੋਂ ਸਮੂਹ ਖੇਡ ਪ੍ਰੇਮੀਆਂ ਨੂੰ ਇਹਨਾਂ ਖੇਡਾਂ ਦਾ ਆਨੰਦ ਮਾਨਣ ਲਈ ਹੁੰਮ-ਹੁਮਾ ਕੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ |