ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ
ਅੰਮ੍ਰਿਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ।
ਅੰਮ੍ਰਿਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਕਾਲਜ ਦੇ ਚੇਅਰਮੈਨ ਡਾ.ਆਤਮਜੀਤ ਸਿੰਘ ਬਸਰਾ ਅਤੇ ਮੈਂਬਰ ਇੰਚਾਰਜ ਡਾ.ਹਰਮੋਹਿੰਦਰ ਸਿੰਘ ਨਾਗਪਾਲ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਭਗਤ ਪੂਰਨ ਸਿੰਘ ਪਿੰਗਲਵਾੜਾ ਦੇ 11 ਵਿਸ਼ੇਸ਼ ਖਿਡਾਰੀਆਂ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਭਗਤ ਪੂਰਨ ਸਿੰਘ ਪਿੰਗਲਵਾੜਾ ਦੇ 11 ਵਿਸ਼ੇਸ਼ ਖਿਡਾਰੀ ਰਹੇ, ਜਿਨ੍ਹਾਂ ਨੇ ਆਪਣੀ ਲਗਨ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਸਦਕਾ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਹਨਾਂ ਖਿਡਾਰੀਆਂ ਨੇ ਮੰਚ ‘ਤੇ ਆਪਣੇ ਤਜ਼ਰਬੇ ਅਤੇ ਵਿਚਾਰ ਵੀ ਸਾਂਝੇ ਕੀਤੇ। ਪ੍ਰਿੰਸੀਪਲ ਡਾ.ਯਸ਼ਪ੍ਰੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਇਹਨਾਂ ਪਿਆਰੇ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣ ਦੇ ਨਾਲ ਨਾਲ ਉਹਨਾਂ ਨੂੰ ਧਿਆਨ ਨਾਲ ਸੁਣਨ ਦਾ ਵੀ ਮੌਕਾ ਹੈ, ਕਿਉਂਕਿ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤੇ ਤਜਰਬੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹਨ। ਉਹਨਾਂ ਨੇ ਕਿਹਾ ਕਿ ਮਾਨਸਿਕ ਸਿਹਤ ਦਾ ਅਰਥ ਸਿਰਫ਼ ਬਿਮਾਰੀ ਤੋਂ ਮੁਕਤ ਹੋਣਾ ਨਹੀਂ, ਸਗੋਂ ਆਤਮ ਵਿਸ਼ਵਾਸ, ਸਨਮਾਨ, ਖੁਸ਼ਹਾਲੀ ਅਤੇ ਸਮਾਜ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਸਮਰੱਥਾ ਨਾਲ ਵੀ ਜੁੜਿਆ ਹੋਇਆ ਹੈ। ਪਿੰਗਲਵਾੜਾ ਤੋਂ ਪ੍ਰਿੰਸੀਪਲ ਅਨੀਤਾ ਬੱਤਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਬੱਚਿਆਂ ਨੂੰ ਉਹਨਾਂ ਦੇ ਮਾਪੇ ਰੇਲਵੇ ਸਟੇਸ਼ਨਾਂ ਵਰਗੀਆਂ ਥਾਵਾਂ ‘ਤੇ ਛੱਡ ਗਏ ਸਨ, ਪਿੰਗਲਵਾੜਾ ਸੰਸਥਾ ਨੇ ਨਾ ਸਿਰਫ਼ ਇਹਨਾਂ ਬੱਚਿਆਂ ਦੀ ਦੇਖਭਾਲ ਕੀਤੀ, ਸਗੋਂ ਉਹਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਉਣ ਦੇ ਯੋਗ ਵੀ ਬਣਾਇਆ। ਉਹਨਾਂ ਨੇ ਕਿਹਾ ਕਿ ਇਹਨਾਂ ਬੱਚਿਆਂ ਦੀਆਂ ਪ੍ਰਾਪਤੀਆਂ ਸੰਸਥਾ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹਨ। ਇਸ ਮੌਕੇ ਇੰਸਟੀਚਿਊਟ ਆਫ਼ ਮੈਂਟਲ ਹੈਲਥ ਦੇ ਸੀਨੀਅਰ ਮਨੋਚਿਕਿਤਸਕ ਡਾ. ਸੰਯਮ ਗੁਪਤਾ ਨੇ ਮਾਨਸਿਕ ਪ੍ਰੇਸ਼ਾਨੀਆਂ ਦੇ ਕਾਰਨਾਂ ਅਤੇ ਉਹਨਾਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਨਸਿਕ ਤਣਾਅ ਜਾਂ ਪ੍ਰੇਸ਼ਾਨੀ ਦੀ ਸਥਿਤੀ ਵਿੱਚ ਕਿਸੇ ਭਰੋਸੇਯੋਗ ਵਿਅਕਤੀ ਨਾਲ ਗੱਲਬਾਤ ਕਰਨਾ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਉਹਨਾਂ ਨੇ ਟੈਲੀਮਾਨਸ ਹੈਲਪਲਾਈਨ ਬਾਰੇ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਇਸ ਸੇਵਾ ਰਾਹੀਂ ਲਗਭਗ 70,000 ਲੋਕਾਂ ਨੇ ਆਤਮ ਹੱਤਿਆ ਦੇ ਖਿਆਲਾਂ ਅਤੇ ਮਾਨਸਿਕ ਪ੍ਰੇਸ਼ਾਨੀਆਂ ਨਾਲ ਨਜਿੱਠਣ ਲਈ ਸਲਾਹ ਮਸ਼ਵਰਾ ਪ੍ਰਾਪਤ ਕੀਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸਿਕ ਪ੍ਰੇਸ਼ਾਨੀ ਨੂੰ ਲੁਕਾਉਣ ਦੀ ਬਜਾਏ ਸਮੇਂ ਸਿਰ ਮਦਦ ਲੈਣ ਅਤੇ ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨ ਦੀ ਆਦਤ ਅਪਣਾਉਣ। ਚੇਅਰਮੈਨ ਡਾ. ਬਸਰਾ ਅਤੇ ਮੈਂਬਰ ਇੰਚਾਰਜ ਡਾ.ਹਰਮੋਹਿੰਦਰ ਸਿੰਘ ਨਾਗਪਾਲ ਨੇ ਕਿਹਾ ਕਿ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ, ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨਾ ਅਤੇ ਲੋੜ੍ਹ ਸਮੇਂ ਸਹਿਯੋਗ ਦੇਣਾ ਇਕ ਸਿਹਤਮੰਦ ਅਤੇ ਸ਼ੰਵੇਦਨਸ਼ੀਲ ਸਮਾਜ ਦੀ ਨੀਂਹ ਹੈ। ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵੱਲੋਂ ਮਾਨਸਿਕ ਸਿਹਤ ਵਿਸ਼ੇ ‘ਤੇ ਤਿਆਰ ਕੀਤੇ ਗਏ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਡਾ: ਯਸ਼ਪ੍ਰੀਤ ਕੌਰ, ਡਾ.ਹਰਲੀਨ ਕੌਰ ਵਾਈਸ ਪ੍ਰਿੰਸੀਪਲ, ਡਾ.ਭਾਵਨਾ ਤੋਂ ਇਲਾਵਾ ਕਾਲਜ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।