11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਵਿਰਸਾ ਵਿਹਾਰ ‘ਚ ਚਲ ਰਹੇ ਪੰਜ ਰੋਜ਼ਾ ਨਾਟ ਉਤਸਵ ਦੌਰਾਨ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਕੀਤਾ ਮੰਚਣ

ਅਜੀਤ ਡੈਸਕ 04-07-2026
ਅੰਮ੍ਰਿਤਸਰ, 3 ਜੁਲਾਈ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਜਾ ਰਹੇ ‘ਪੰਜ ਰੋਜ਼ਾ’ ਨਾਟ ਉਤਸਵ ਦੇ ਤੀਜੇ ਦਿਨ ਡਾ. ਸਵਰਾਜਬੀਰ ਦਾ ਲਿਖਿਆ ਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ ਵਿਰਸਾ ਵਿਹਾਰ ਦੇ ਸ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤਾ। ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਡਾ. ਸਵਰਾਜਬੀਰ ਦਾ ਲਿਖਿਆ ਨਵਾਂ ਨਾਟਕ ਹੈ। ਇਹ ਨਾਟਕ ਮੌਜੂਦਾ ਸਮੇਂ ਦੇ ਹਾਲਾਤ ਤੇ ਬਾਬਾ ਬੁੱਲੇ ਸ਼ਾਹ ਦੇ ਸਮੇਂ ਨੂੰ ਇਕੋ ਵੇਲੇ ਪੇਸ਼ ਕਰਦਾ ਹੈ, ਜਿਹੜੀਆਂ ਪਾਬੰਦੀਆਂ ਬਾਬਾ ਬੁੱਲੇ ਸ਼ਾਹ ਦੇ ਸਮੇਂ ਹਾਕਮਾਂ ਤੇ ਕਟੜ ਮੌਲਵੀਆਂ ਵਲੋਂ ਸਮਾਜਿਕ ਤੌਰ ‘ਤੇ ਲਗਾਈਆ ਜਾਂਦੀਆਂ ਸਨ, ਉਹ ਪਾਬੰਦੀਆਂ ਤੇ ਗਲਤ ਰਵਾਇਤਾਂ ਅੱਜ ਦੇ ਸਮੇਂ ਵਿਚ ਵੀ ਮੌਜੂਦ ਨੇ। ਇਹ ਵਿਆਪਕ ਤੌਰ ‘ਤੇ ਉਸਦੇ ਜੀਵਨ ਦੀਆਂ ਘਟਨਾਵਾਂ ‘ਤੇ ਅਧਾਰਿਤ ਹੈ, ਜਿਵੇਂ ਕਿ ਉਸ ਦੀ ਕਵਿਤਾ, ਇਤਿਹਾਸਕ ਰਿਕਾਰਡਾਂ ਅਤੇ ਪ੍ਰਸਿੱਧ ਮਿੱਥਾਂ ਰਾਹੀਂ ਸੰਚਾਰਿਤ ਕੀਤਾ ਗਿਆ ਹੈ ਤੇ ਬੁੱਲ੍ਹੇ ਸ਼ਾਹ ਦੇ ਜੀਵਨ ਵਿਚ ਨਾਟਕੀ ਕਿੱਸਿਆਂ ਦੀ ਕੋਈ ਕਮੀ ਨਹੀਂ ਹੈ। ਸੱਚਾਈ ਦੀ ਉਸਦੀ ਖੋਜ, ਉਸ ਦੇ ਗੁਰੂ ਸ਼ਾਹ ਇਨਾਇਤ ਪ੍ਰਤੀ ਉਸ ਦੀ ਸ਼ਰਧਾ, ਅਸਹਿਣਸ਼ੀਲ ਮੌਲਵੀਆਂ ਤੇ ਭ੍ਰਿਸ਼ਟ ਨਵਾਬਾਂ ਨਾਲ ਉਸਦਾ ਟਕਰਾਅ, ਧਰਮ ਦੇ ਨਾਂਅ ‘ਤੇ ਜੰਗਾਂ ਤੇ ਖੂਨ ਵਹਾਉਣ ਦਾ ਉਸਦਾ ਵਿਰੋਧ-ਇਹ ਸਭ ਨਾਟਕ ’ਚ ਸ਼ਕਤੀਸ਼ਾਲੀ ਦ੍ਰਿਸ਼ਾਂ ਵਜੋਂ ਸ਼ਾਮਿਲ ਕੀਤੇ ਗਏ ਹਨ। ਇਹ ਨਾਟਕ ਬੁੱਲ੍ਹੇ ਸ਼ਾਹ ਦੇ ਸਮੇਂ ਬਾਰੇ ਵੀ ਹੈ ਤੇ ਮੌਜੂਦਾ ਸਮਿਆਂ ਲਈ ਇਸ ਦੀ ਬਹੁਤ ਪ੍ਰਸੰਗਿਕਤਾ ਹੈ। ਇਹ ਪਿਆਰ ਤੇ ਸ਼ਾਂਤੀ ਲਈ ਇਕ ਮਜ਼ਬੂਤ ਅਪੀਲ ਹੈ ਅਤੇ ਅਸਹਿਣਸ਼ੀਲਤਾ, ਹਿੰਸਾ ਅਤੇ ਨਫ਼ਰਤ ਦੇ ਵਿਰੁੱਧ ਇਕ ਸ਼ਕਤੀਸ਼ਾਲੀ ਨਾਟਕ ਹੈ। ‘ਬੁੱਲ੍ਹਾ’ ਸਿਰਫ਼ ਨਾਟਕ ਨਹੀਂ ਹੈ, ਇਹ ਪੰਜਾਬ ਦੇ ਅਮੀਰ ਤੇ ਜੀਵੰਤ ਸੱਭਿਆਚਾਰ ਦਾ ਜਸ਼ਨ ਵੀ ਹੈ। ਇਸ ਨਾਟਕ ਵਿਚ ਸਾਜਨ ਕੋਹਿਨੂਰ ਤੋਂ ਇਲਾਵਾ ਜਸਵੰਤ ਸਿੰਘ, ਨਿਸ਼ਾਂਤ, ਆਰਿਅਨ, ਪੁਲਕਿਤ ਗੋਇਲ, ਰਵੀਨ, ਵਿਸ਼ਾਲ, ਉਦੇ ਚੋਪੜਾ, ਰਾਜੀਵ, ਪੰਥਪ੍ਰੀਤ, ਸੰਦੀਪ, ਪਵਨ ਕੁਮਾਰ, ਲਖਵਿੰਦਰ ਸਿੰਘ, ਚਿਰੰਜੀਵ ਮਾਨਵ, ਜਗਜੀਤ ਸਿੰਘ, ਕਪਿਲ ਵਿਜਾਨ, ਤਰੁਣ ਰੋਤੇਲਾ, ਮ੍ਰਿਦੂਲ ਸੇਖੜੀ, ਧਮਰਪਾਲ, ਮਨਪ੍ਰੀਤ, ਕਬੀਰ ਸਰਦਾਨਾ, ਕਵਚ ਮਲਿਕ, ਰਹਿਮਾਨ ਸਿੰਘ, ਸਤਿੰਦਰ ਸਿੰਘ, ਸਮਰਥ ਗੋਇਲ, ਗਗਨਪ੍ਰੀਤ, ਭਾਰਤ ਅਜ਼ਾਦ, ਸਤੀਸ਼ ਸ਼ਰਮਾ, ਮਨਪ੍ਰੀਤ ਕੌਰ, ਜੋਬਨਪ੍ਰੀਤ ਕੌਰ, ਪ੍ਰੀਤਾ ਮੋਗਾ, ਸਮਰਪ੍ਰੀਤ ਸਿੰਘ, ਆਸ਼ੂ ਨਈਅਰ, ਚੰਦਨ ਸਮੇਤ ਕਲਾਕਾਰਾਂ ਵਲੋਂ ਅਦਾਕਾਰੀ ਪੇਸ਼ ਕੀਤੀ ਗਈ। ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਵਲੋਂ ਦਿੱਤਾ। ਇਸ ਮੌਕੇ ਕੇਵਲ ਧਾਲੀਵਾਲ ਵਲੋਂ ਦਰਸ਼ਕਾਂ ਨਾਲ ਕਲਾਕਾਰਾਂ ਦੀ ਜਾਣ ਪਹਿਚਾਣ ਕਰਵਾਈ ਤੇ ਦੱਸਿਆ ਕਿ ਇਹ ਨਾਟਕ ਵਿਰਸਾ ਵਿਹਾਰ ‘ਚ ਜੂਨ ਮਹੀਨੇ ‘ਚ ਚੱਲਣ ਵਾਲੀ ਵਰਕਸ਼ਾਪ ਦੌਰਾਨ ਤਿਆਰ ਕਰਵਾਇਆ ਗਿਆ ਸੀ। ਇਸ ਮੌਕੇ ਡਾ. ਪਰਮਿੰਦਰ, ਅਦਾਕਾਰ ਹਰਦੀਪ ਗਿੱਲ, ਅਨੀਤਾ ਦੇਵਗਨ, ਡਾ: ਅਮੋਲਕ, ਭੁਪਿੰਦਰ ਸਿੰਘ ਸੰਧੂ ਸਮੇਤ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਮੌਜੂਦ ਸਨ।
ਪਿਛਲੀ ਖ਼ਬਰ ਲੋਕ ਸਭਾ ਮੈਂਬਰ ਔਜਲਾ ਨੂੰ ਕਾਂਗਰਸ ਮੈਨੀਫੈਸਟੋ ਕਮੇਟੀ ਦਾ ਸਹਿ-ਚੇਅਰਮੈਨ ਲਾਉਣ ’ਤੇ ਰਿੰਕੂ ਨਰੂਲਾ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕ ਹੁਨਰ ਵਿਕਾਸ ਲਈ ਤਿੰਨ ਦਿਨਾ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।