ਹੰਗਾਮਿਆਂ ਭਰੀ ਰਹੀ ਨਿਗਮ ਦੇ ਬਜਟ ਅਤੇ ਹਾਊਸ ਦੀ ਬੈਠਕ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਪ੍ਰਵਾਨ ਹੋਇਆ 481.19 ਕਰੋੜ ਦਾ ਬਜਟ ਅਤੇ ਕਰੋੜਾਂ ਦੇ ਵਿਕਾਸ ਕਾਰਜ
ਅਜੀਤ ਡੈਸਕ
31-03-2026
ਅੰਮਿ੍ਤਸਰ, 30 ਮਾਰਚ-ਨਗਰ ਨਿਗਮ ਅੰਮਿ੍ਤਸਰ ਦਾ ਬਜਟ ਇਜਲਾਸ ਅਤੇ ਹਾਊਸ ਦੀ ਬੈਠਕ ਹੰਗਾਮਿਆਂ ਭਰੀ ਸਥਿਤੀ 'ਚ ਮੁਕੰਮਲ ਹੋਈ | ਜਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਦੇ ਵਿਰੋਧ ਦੇ ਬਾਵਜੂਦ ਨਿਗਮ ਦਾ ਸਾਲ 2026-27 ਦਾ 481.19 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਪ੍ਰਵਾਨ ਹੋਇਆ ਅਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ | ਪਿਛਲੇ ਸਾਲ ਇਹ ਬਜਟ 432.90 ਕਰੋੜ ਦਾ ਸੀ | ਇਹ ਬੈਠਕ ਇਕ ਸਾਲ ਦੇ ਬਾਅਦ ਹੋਈ ਹੈ | ਬਜਟ ਦਾ 66 ਫ਼ੀਸਦੀ ਹਿੱਸਾ ਅਮਲੇ ਲਈ, 30 ਫ਼ੀਸਦੀ ਵਿਕਾਸ ਕਾਰਜਾਂ ਲਈ ਅਤੇ 4 ਫ਼ੀਸਦੀ ਅਚਨਚੇਤੀ ਖ਼ਰਚਿਆਂ ਲਈ ਰੱਖੇ ਗਏ ਹਨ | ਇਸ ਤੋਂ ਇਲਾਵਾ ਸਰਕਾਰ ਵਲੋਂ ਆਉਣ ਵਾਲੀਆਂ ਗ੍ਰਾਂਟਾਂ ਅਤੇ ਫ਼ੀਸਾਂ ਦਾ ਸੰਭਾਵੀ ਵਾਧਾ ਵੀ ਵੱਖਰਾ ਹੋਵੇਗਾ | ਨਗਰ ਨਿਗਮ ਦੇ ਬਜਟ ਅਤੇ ਹਾਊਸ ਦੀ ਇਕੱਠੀ ਬੈਠਕ ਮੇਅਰ ਜਤਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠ ਹੋਈ ਜਿਸ 'ਚ ਹਾਊਸ ਦੇ ਮੈਂਬਰਾਂ ਵਜੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਡਾ. ਅਜੈ ਗੁਪਤਾ ਅਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇਲਾਵਾ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਕੌਂਸਲਰ ਮੌਜੂਦ ਸਨ |
ਬਜਟ ਦੀ ਕਾਰਵਾਈ :
ਬਜਟ ਦੀ ਕਾਰਵਾਈ ਸ਼ੁਰੂ ਹੰੁਦਿਆਂ ਹੀ ਕਾਂਗਰਸੀ ਕੌਂਸਲਰ ਦਲ ਦੇ ਆਗੂ ਵਿਕਾਸ ਸੋਨੀ ਵਲੋਂ ਡੀ. ਐੱਮ. ਗਗਨਦੀਪ ਸਿੰਘ ਰੰਧਾਵਾ ਨੂੰ ਹਾਊਸ 'ਚ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦੇਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਨਜ਼ਰ ਅੰਦਾਜ਼ ਕਰਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਨੂੰ ਸ਼ਰਧਾਂਜਲੀ ਦੇ ਕੇ ਹਾਊਸ ਦੀ ਕਾਰਵਾਈ ਨੂੰ ਅੱਗੇ ਵਧਾਇਆ ਗਿਆ | ਇਸ ਦੌਰਾਨ ਡਿਪਟੀ ਕੰਟਰੋਲਰ (ਵਿੱਤ ਅਤੇ ਲੇਖਾ) ਮੰਨੰੂ ਸ਼ਰਮਾ ਵਲੋਂ ਬਜਟ ਪੜਿ੍ਹਆ ਗਿਆ | ਜਿਸ ਨੂੰ ਪ੍ਰਵਾਨ ਕਰਨ ਤੋਂ ਪਹਿਲਾਂ ਕਾਂਗਰਸੀ ਕੌਂਸਲਰਾਂ ਵਲੋਂ ਬਜਟ 'ਤੇ ਚਰਚਾ ਕਰਨ ਅਤੇ ਪਿਛਲੇ ਬਜਟ 'ਚ ਹੋਏ ਖ਼ਰਚਿਆਂ ਦਾ ਵੇਰਵਾ ਜਨਤਕ ਕਰਨ ਦੀ ਮੰਗ ਕੀਤੀ ਗਈ | ਜਿਸ ਦੀ ਪ੍ਰੋੜ੍ਹਤਾ ਸੱਤਾਧਾਰੀ ਧਿਰ ਦੀ ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਵਲੋਂ ਕੀਤੀ ਗਈ |
ਕੀ ਕਿਹਾ ਸੀਨੀਅਰ ਡਿਪਟੀ ਮੇਅਰ ਨੇ
ਕਾਂਗਰਸ ਕੌਂਸਲਰਾਂ ਵਲੋਂ ਬਜਟ 'ਤੇ ਚਰਚਾ ਕਰਨ ਦੀ ਕੀਤੀ ਗਈ ਮੰਗ ਦੀ ਹਮਾਇਤ ਕਰਦੇ ਹੋਏ ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਨੇ ਕਿਹਾ ਕਿ ਬਜਟ ਇਜਲਾਸ ਦੌਰਾਨ ਸਾਰੇ ਕੌਂਸਲਰਾਂ ਨੂੰ ਬੋਲਣ ਦਾ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ | ਜਿਸ 'ਤੇ ਕਾਂਗਰਸ ਸਮੇਤ ਦੂਸਰੀਆਂ ਵਿਰੋਧੀ ਪਾਰਟੀਆਂ ਭਾਜਪਾ ਅਤੇ ਅਕਾਲੀ ਦਲ ਦੇ ਕੌਂਸਲਰਾਂ ਵਲੋਂ ਮੇਜ਼ ਥੱਪ ਥਪਾ ਕੇ ਸਵਾਗਤ ਕੀਤਾ | ਇਸ ਦੇ ਬਾਵਜੂਦ ਮੇਅਰ ਵਲੋਂ ਬਜਟ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਜਿਸ ਦਾ ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਵਿਰੋਧ ਕੀਤਾ ਗਿਆ |
ਹਾਊਸ ਦੀ ਬੈਠਕ ਦੀ ਕਾਰਵਾਈ
ਰੌਲੇ-ਰੱਪੇ ਦੌਰਾਨ ਹੀ ਮੇਅਰ ਵਲੋਂ ਵਧੀਕ ਕਮਿਸ਼ਨਰ ਦਲਜੀਤ ਸਿੰਘ ਨੂੰ ਹਾਊਸ ਦਾ ਏਜੰਡਾ ਪੜ੍ਹਨ ਦੀਆਂ ਹਦਾਇਤਾਂ ਕੀਤੀਆਂ ਗਈਆਂ | ਜਿਸ ਨੂੰ ਵੀ ਰੌਲੇ-ਰੱਪੇ ਦੌਰਾਨ ਪ੍ਰਵਾਨਗੀ ਦਿੱਤੀ ਗਈ |
ਹਾਊਸ 'ਚ ਸਾਰਿਆਂ ਨੂੰ ਬੋਲਣ ਲਈ ਸਮਾਂ ਦੇਣਾ ਚਾਹੀਦਾ ਸੀ : ਸੀਨੀ: ਡਿਪਟੀ ਮੇਅਰ
ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਨੇ ਕਿਹਾ ਕਿ ਹਾਊਸ ਵਿਚ ਬੋਲਣ ਦਾ ਹਰ ਕੌਂਸਲਰ ਨੂੰ ਅਧਿਕਾਰ ਹੈ ਅਤੇ ਬਜਟ ਅਤੇ ਏਜੰਡੇ 'ਤੇ ਚਰਚਾ ਕਰਨ ਲਈ ਵਾਰੀ-ਵਾਰੀ ਸਾਰੇ ਕੌਂਸਲਰਾਂ ਨੂੰ ਸਮਾਂ ਦਿੱਤਾ ਜਾਣਾ ਚਾਹੀਦਾ ਸੀ | ਸੀਨੀ: ਡਿਪਟੀ ਮੇਅਰ ਨੇ ਕਿਹਾ ਕਿ ਉਨ੍ਹਾਂ ਵਲੋਂ ਮਿਹਨਤ ਕਰਦੇ ਨਗਰ ਸੁਧਾਰ ਟਰੱਸਟ ਤੋਂ ਹਰ ਵਾਰ ਲਈ 30 ਲੱਖ ਰੁਪਏ ਪ੍ਰਤੀ ਵਾਰਡ ਦੇ ਕੰਮ ਪਾਸ ਕਰਵਾਏ ਸਨ ਅਤੇ ਪੰਜਾਬ ਸਰਕਾਰ ਵਲੋਂ 69ਏ ਤਹਿਤ ਕੰਮਾਂ ਨੂੰ ਪ੍ਰਵਾਨ ਕਰ ਦਿੱਤਾ ਗਿਆ ਸੀ ਪਰ ਨਗਰ ਨਿਗਮ ਅਧਿਕਾਰੀਆਂ ਵਲੋਂ ਸਿਆਸੀ ਦਬਾਅ ਕਾਰਨ ਕੌਂਸਲਰਾਂ ਨੂੰ ਐੱਨ. ਓ. ਸੀ. ਨਹੀਂ ਦਿੱਤੀ ਗਈ ਸੀ ਜਿਸ ਕਾਰਨ ਉਹ ਕੰਮ ਰਹਿ ਗਏ ਸਨ ਅੱਜ ਉਨ੍ਹਾਂ ਨੇ ਟੇਬਲ ਏਜੰਡਾ ਪੁਆ ਕੇ ਉਸ ਨੂੰ ਹਾਊਸ ਤੋਂ ਪਾਸ ਕਰਵਾਇਆ ਹੈ ਐੱਨ. ਓ. ਸੀ. ਸੰਬੰਧੀ ਨਿਗਮ ਕਮਿਸ਼ਨਰ ਨਾਲ ਬੈਠਕ ਵੀ ਹੋ ਚੁੱਕੀ ਹੈ |
ਕੀ ਕਹਿੰਦੇ ਹਨ ਵਿਰੋਧੀ ਧਿਰ ਦੇ ਕੌਂਸਲਰ
ਇਸ ਦੌਰਾਨ ਬਜਟ ਵਿਰੋਧੀ ਧਿਰ ਦੇ ਕੌਂਸਲਰਾਂ 'ਚ ਕਾਂਗਰਸ ਪਾਰਟੀ ਵਲੋਂ ਕੌਂਸਲਰ ਵਿਕਾਸ ਸੋਨੀ, ਭਾਜਪਾ ਵਲੋਂ ਅਮਨ ਐਰੀ ਨੇ ਕਿਹਾ ਕਿ ਉਹ ਹਾਊਸ ਦੇ ਹਰ ਮਤੇ 'ਤੇ ਚਰਚਾ ਕਰਨ ਲਈ ਤਿਆਰੀ ਕਰਕੇ ਆਏ ਸਨ ਪਰ 20 ਮਿੰਟ 'ਚ ਦੋਵੇਂ ਬੈਠਕਾਂ ਨੂੰ ਸਮੇਟ ਕੇ ਮੇਅਰ ਵਲੋਂ ਕੌਂਸਲਰਾਂ ਨਾਲ ਧੱਕਾ ਕੀਤਾ ਹੈ | ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦੇ ਹਿਤ ਲਈ ਸਾਰੇ ਕੌਂਸਲਰ ਇਕ ਹਨ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਧੱਕੇਸ਼ਾਹੀ ਦੇ ਲਈ ਆਵਾਜ਼ ਉਠਾਈ ਜਾਵੇਗੀ ਅਤੇ ਇਹ ਮਾਮਲਾ ਮਾਣਯੋਗ ਹਾਈਕੋਰਟ ਵਿਚ ਲਿਜਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਾਰੇ 85 ਕੌਂਸਲਰਾਂ 'ਚੋਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ 52 ਕੌਂਸਲਰ ਬਜਟ ਅਤੇ ਪਾਸ ਕੀਤੇ ਏਜੰਡੇ ਦੇ ਵਿਰੋਧ 'ਚ ਹਨ ਜਦੋਂ ਮੇਅਰ ਨੇ ਘੱਟ ਕੌਂਸਲਰਾਂ ਦੀ ਸਹਿਮਤੀ ਨਾਲ ਹੀ ਧੱਕੇ ਨਾਲ ਹੀ ਬਜਟ ਅਤੇ ਏਜੰਡਾ ਪਾਸ ਕਰ ਦਿੱਤਾ ਹੈ |
ਬਹੁਤ ਕੁਝ ਨਵਾਂ ਦੇਖਣ ਨੂੰ ਮਿਲਿਆ
ਨਗਰ ਨਿਗਮ ਦੇ ਬਜਟ ਇਜਲਾਸ ਅਤੇ ਹਾਊਸ ਦੀ ਬੈਠਕ ਦੌਰਾਨ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਿਆ | ਸਭ ਤੋਂ ਪਹਿਲਾ ਕੌਂਸਲਰਾਂ ਦੀ ਚੈਕਿੰਗ ਕਰਨ ਲਈ ਪਹਿਲਾਂ ਹੀ ਰੋਕਾਂ ਲਗਾਈਆਂ ਗਈਆਂ | ਹਾਊਸ ਵਿਚ ਮੇਅਰ ਵਲੋਂ ਕੋਈ ਭਾਸ਼ਨ ਨਹੀਂ ਦਿੱਤਾ ਗਿਆ |
ਕੀ ਕਹਿੰਦੇ ਹਨ ਮੇਅਰ ਭਾਟੀਆ
ਮੇਅਰ ਜਤਿੰਦਰ ਸਿੰਘ ਭਾਟੀਆ ਨੇ ਬੈਠਕ ਉਪਰੰਤ ਗੱਲਬਾਤ ਕਰਦੇ ਹੋਏ ਕਿਹਾ ਕਿ ਬਜਟ ਇਜਲਾਸ ਅਤੇ ਹਾਊਸ ਦੀ ਬੈਠਕ ਦੌਰਾਨ ਹਰ ਕੌਂਸਲਰ ਨੂੰ ਬੋਲਣ ਦਾ ਸਮਾਂ ਦਿੱਤਾ ਜਾਣਾ ਸੀ ਪਰ ਵਿਰੋਧੀ ਧਿਰ ਦੇ ਕੌਂਸਲਰ ਪਹਿਲਾਂ ਹੀ ਬਜਟ ਤੇ ਹਾਊਸ ਦੀ ਕਾਰਵਾਈ ਨਾ ਚੱਲਣ ਦੇਣ ਦਾ ਹੀਆ ਕਰਕੇ ਆਏ ਸਨ | ਉਨ੍ਹਾਂ ਨੇ ਬਜਟ ਅਤੇ ਹਾਊਸ ਦੀ ਕਾਰਵਾਈ ਵਿਚ ਖ਼ਲਲ ਪਾਉਣ ਦਾ ਯਤਨ ਕੀਤਾ | ਉਨ੍ਹਾਂ ਦੱਸਿਆ ਕਿ ਅੱਜ 38 ਮੱਤਿਆਂ ਤੋਂ ਇਲਾਵਾ 15 ਟੇਬਲ ਮਤੇ ਵੀ ਬਹੁ ਗਿਣਤੀ ਦੀ ਰਾਏ ਨਾਲ ਪਾਸ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਅੰਮਿ੍ਤਸਰ ਦੇ ਹਿਤ ਲਈ ਹਮੇਸ਼ਾ ਯਤਨਸ਼ੀਲ ਹਨ ਅਤੇ ਸ਼ਹਿਰ ਦਾ ਵਿਕਾਸ ਉਨ੍ਹਾਂ ਦੀ ਪਹਿਲ ਹੈ |
ਬਜਟ ਵੱਲ ਝਾਤ
ਨਗਰ ਨਿਗਮ ਦੇ ਸਾਲ 2026-27 ਦੇ ਬਜਟ ਵੱਲ ਝਾਤ ਮਾਰੀ ਜਾਵੇ ਤਾਂ ਇਸ 'ਚ ਜਨਰਲ ਸਾਈਡ ਦੀ ਆਮਦਨ ਦਾ ਟੀਚਾ 466.19 ਕਰੋੜ ਰੁਪਏ ਰੱਖਿਆ ਗਿਆ ਹੈ | ਅਮਲਾ ਖਰਚਾ ਖ਼ਾਲੀ ਅਸਾਮੀਆਂ ਦਾ ਖ਼ਰਚ ਘਟਾ ਕੇ 268.20 ਕਰੋੜ ਰੱਖਿਆ ਗਿਆ ਹੈ | ਜਿਸ 'ਚ ਕਰਮਚਾਰੀਆਂ ਦੀ ਗੈ੍ਰਚੁਟੀ, ਐਕਸਗਰੇਸ਼ੀਆ, ਬਕਾਇਆ ਛੁੱਟੀਆਂ ਦਾ ਲਾਭ, ਪੀ. ਐੱਫ. ਦੇ ਬਕਾਇਆ ਤੋਂ ਇਲਾਵਾ ਹੋਰ ਬਕਾਇਆ ਆਦਿ ਦਾ ਖ਼ਰਚ ਸ਼ਾਮਿਲ ਹੈ | ਬਜਟ 'ਚ ਕੰਟੀਜੈਸੀ ਖ਼ਰਚ ਲਈ 20.75 ਕਰੋੜ ਰੁਪਏ ਉਪਲਬੱਧ ਕਰਵਾਏ ਗਏ ਹਨ | ਬਜਟ 'ਚ ਵਿਕਾਸ ਕਾਰਜਾਂ ਲਈ 19.80 ਕਰੋੜ ਰੁਪਏ ਰੱਖੇ ਗਏ ਹਨ | ਇਸ ਤੋਂ ਇਲਾਵਾ 100 ਕਰੋੜ ਦੀ ਗ੍ਰਾਂਟ ਸਰਕਾਰ ਵਲੋਂ ਗਠਨ ਕੀਤੇ ਗਏ 16ਵੇਂ ਵਿੱਤ ਕਮਿਸ਼ਨ ਅਧੀਨ ਪ੍ਰਾਪਤ ਹੋਣ ਦੀ ਉਮੀਦ ਜਿਤਾਈ ਗਈ ਹੈ | ਬਜਟ 'ਚ ਜਲ ਸਪਲਾਈ ਸੀਵਰੇਜ ਵਿਭਾਗ ਤੋਂ 15 ਕਰੋੜ ਦੀ ਆਮਦਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ 47.57 ਕਰੋੜ ਰੁਪਏ ਖ਼ਰਚ ਹੋਣ ਦੀ ਤਜਵੀਜ਼ ਹੈ | ਅਚਨਚੇਤੀ ਖ਼ਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਬਜਟ 'ਚ 10 ਲੱਖ ਰੁਪਏ ਅਚਨਚੇਤੀ ਖ਼ਰਚਿਆਂ ਲਈ ਰੱਖੇ ਗਏ ਹਨ | ਰੌਲੇ-ਰੱਪੇ 'ਚ ਪਾਸ ਹੋਇਆ ਬਜਟ : ਵਿਰੋਧੀ ਧਿਰ ਦੇ ਰੌਲੇ-ਰੱਪੇ 'ਚ ਨਗਰ ਨਿਗਮ ਦਾ ਬਜਟ ਪਾਸ ਕੀਤਾ ਗਿਆ | ਜਿਸ ਤੋਂ ਤੁਰੰਤ ਬਾਅਦ ਨਿਗਮ ਦੇ ਹਾਊਸ ਦੀ ਬੈਠਕ ਸ਼ੁਰੂ ਕੀਤੀ ਗਈ |
ਵਿਰੋਧੀ ਧਿਰ ਦੇ ਕੌਂਸਲਰਾਂ ਨੇ ਦਿੱਤਾ ਧਰਨਾ
ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਬਜਟ ਨੂੰ ਪ੍ਰਵਾਨਗੀ ਦੇਣ ਲਈ ਕਿਹਾ ਜਿਸ 'ਤੇ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਵਲੋਂ ਹੱਥ ਖੜ੍ਹੇ ਕਰਕੇ ਪ੍ਰਵਾਨ ਕਰ ਦਿੱਤਾ ਗਿਆ ਜਦੋਂ ਕਿ ਕਾਂਗਰਸੀ, ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਂਸਲਰਾਂ ਵਲੋਂ ਬਜਟ ਅਤੇ ਹਾਊਸ 'ਚ ਪਾਸ ਕੀਤੇ ਗਏ ਮੱਤਿਆਂ ਨੂੰ ਅਪ੍ਰਵਾਨਿਤ ਕਰਦੇ ਹੋਏ ਨਿਗਮ ਦੇ ਮੀਟਿੰਗ ਹਾਲ ਦੀ ਜ਼ਮੀਨ 'ਤੇ ਬੈਠ ਕੇ ਧਰਨਾ ਲਗਾ ਦਿੱਤਾ | ਜਿਸ ਤੋਂ ਬਾਅਦ ਮੇਅਰ, ਕਮਿਸ਼ਨਰ ਅਤੇ ਹਾਊਸ ਦੇ ਮੈਂਬਰ ਵਿਧਾਇਕ ਉੱਠ ਕੇ ਹਾਲ ਤੋਂ ਬਾਹਰ ਆ ਗਏ |