24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਫ਼ਾਜ਼ਿਲਕਾ ਇਲਾਕੇ 'ਚ ਬਰਸਾਤ ਅਤੇ ਗੜੇਮਾਰੀ ਨੇ ਮਚਾਈ ਤਬਾਹੀ

ਅਜੀਤ ਡੈਸਕ 01-04-2026
ਫ਼ਾਜ਼ਿਲਕਾ, 31 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਅੰਦਰ ਦੇਰ ਸ਼ਾਮ ਹੋਈ ਤੇਜ਼ ਬਰਸਾਤ ਅਤੇ ਗੜੇ੍ਹਮਾਰੀ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ | ਬਾਅਦ ਦੁਪਹਿਰ ਅਚਾਨਕ ਹੋਈ ਭਾਰੀ ਬਰਸਾਤ ਅਤੇ ਗੜੇ੍ਹਮਾਰੀ ਨਾਲ ਕਿਸਾਨਾਂ ਦੇ ਪੱਲੇ ਇਕ ਵਾਰ ਫਿਰ ਤੋਂ ਨਿਰਾਸ਼ਾ ਲੱਗੀ ਹੈ | ਫ਼ਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਕੌੜਿਆਂ ਵਾਲੀ, ਚੁਵਾੜਿਆਂਵਾਲੀ, ਟਾਹਲੀ ਵਾਲਾ, ਅਭੁੱਨ, ਸਿੰਘਪੁਰਾ, ਚਾਹਲਾਂ, ਖਿਓਵਾਲਾ ਆਦਿ ਪਿੰਡਾਂ 'ਚ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਪਿੰਡ ਅਭੁੱਨ ਦੇ ਸਰਪੰਚ ਲਖਬੀਰ ਸਿੰਘ ਨੋਨਾ ਬਰਾੜ, ਗੁਰਵੰਤ ਸਿੰਘ ਬਰਾੜ, ਰਣਧੀਰ ਸਿੰਘ, ਸੁਖਜਿੰਦਰ ਸਿੰਘ, ਬੋਹੜ ਸਿੰਘ, ਰਾਮ ਚੰਦ, ਰਾਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਹਿਲਾ ਮੌਸਮ ਵਿਚ ਆਈ ਅਚਾਨਕ ਗਰਮੀ ਨੇ ਕਣਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ | ਉਸ ਤੋਂ ਬਾਅਦ ਹੁਣ ਬੱਦਲਵਾਈ ਤੋਂ ਬਾਅਦ ਅੱਜ ਮੀਂਹ ਅਤੇ ਭਾਰੀ ਗੜੇਮਾਰੀ ਨੇ ਸਾਡੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ ਹੈ | ਤੇਜ਼ ਬਰਸਾਤ, ਗੜੇਮਾਰੀ ਅਤੇ ਬਾਅਦ ਵਿਚ ਚੱਲੇ ਝੱਖੜ ਨੇ ਕਣਕ ਦੀ ਫ਼ਸਲ ਨੂੰ ਜਮ੍ਹਾ ਭੁੰਜੇ ਲਗਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਵੱਡੇ-ਵੱਡੇ ਪਏ ਗੜਿਆਂ ਨਾਲ ਜੋਬਨ 'ਤੇ ਖੜ੍ਹੀ ਕਣਕ ਦੀ ਫ਼ਸਲ ਦੇ ਸਾਰੇ ਸਿੱਟਿਆਂ ਵਿਚੋਂ ਦਾਣੇ ਕਿਰ ਕੇ ਧਰਤੀ 'ਤੇ ਖਿੱਲਰ ਗਏ ਹਨ | ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੀ ਅਣਦੇਖੀ ਕਾਰਨ ਘਾਟੇ ਵਿਚ ਚੱਲ ਰਿਹਾ ਹੈ ਅਤੇ ਰਹਿੰਦੀ ਖਹਿੰਦੀ ਕਸਰ ਇਸ ਗੜੇਮਾਰੀ ਨੇ ਪੂਰੀ ਕਰ ਦਿੱਤੀ ਹੈ | ਇਸ ਤੋਂ ਇਲਾਵਾ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਅੰਦਰੋਂ ਵੀ ਗੜੇਮਾਰੀ ਦੀਆਂ ਖ਼ਬਰਾਂ ਮਿਲੀਆਂ ਹਨ | ਇਸ ਨਾਲ ਕਣਕ ਤੋਂ ਇਲਾਵਾ ਕਿੰਨੂਆਂ ਦੇ ਬਾਗ਼ਾਂ ਅਤੇ ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ | ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਤੁਰੰਤ ਪ੍ਰਭਾਵ ਨਾਲ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਤਾਂ ਜੋ ਕਿਸਾਨਾਂ ਦੀ ਗੱਡੀ ਲੀਹੇ ਪੈ ਸਕੇ |
ਪਿਛਲੀ ਖ਼ਬਰ ਏ.ਐਨ.ਟੀ. ਐੱਫ਼. ਬਠਿੰਡਾ ਰੇਂਜ ਨੇ 605 ਗਰਾਮ ਹੈਰੋਇਨ ਤੇ ਮੋਟਰਸਾਈਕਲ ਸਮੇਤ 2 ਤਸਕਰਾਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।