15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਬੁਨਿਆਦੀ ਸਹੂਲਤਾਂ ਲਈ ਤਰਸ ਰਹੀ ਪਠਾਨਕੋਟ ਦੀ ਇੰਦਰਾ ਕਾਲੋਨੀ- ਪ੍ਰਮੁੱਖ ਕਾਰੋਬਾਰੀ ਰਜਤ

ਅਜੀਤ ਡੈਸਕ 05-07-2026
ਪਠਾਨਕੋਟ, 4 ਜੁਲਾਈ (ਸੁਮਿਤ)-ਪਠਾਨਕੋਟ ਸ਼ਹਿਰ ਦੀਆਂ ਸਭ ਤੋਂ ਪ੍ਰਮੁੱਖ ਅਤੇ ਮੁੱਖ ਕਾਲੋਨੀਆਂ ਵਿਚ ਸ਼ਾਮਿਲ ਇੰਦਰਾ ਕਾਲੋਨੀ ਇਨ੍ਹਾਂ ਦਿਨੀਂ ਪ੍ਰਸ਼ਾਸਨਿਕ ਅਣਦੇਖੀ ਅਤੇ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਨਾਲ ਜੂਝ ਰਹੀ ਹੈ। ਨਾਮ ਨੂੰ ਤਾਂ ਇਹ ਕਾਲੋਨੀ ਸ਼ਹਿਰ ਦਾ ਇਕ ਮਹੱਤਵਪੂਰਨ ਕੇਂਦਰ ਹੈ। ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਖਸਤਾ ਹਾਲ ਸੜਕਾਂ, ਪਾਣੀ ਦੀ ਨਿਕਾਸੀ ਦੀ ਸਮੱਸਿਆ ਅਤੇ ਨਾਗਰਿਕ ਸਹੂਲਤਾਂ ਦੀ ਕਮੀ ਇੱਥੋਂ ਦੀ ਮੁੱਖ ਪਹਿਚਾਣ ਬਣ ਚੁੱਕੀ ਹੈ। ਇਸ ਮਾਮਲੇ ‘ਤੇ ਗੰਭੀਰ ਚਿੰਤਾ ਜ਼ਾਹਿਰ ਕਰਦੇ ਹੋਏ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਤੇ ਪ੍ਰਮੁੱਖ ਕਾਰੋਬਾਰੀ ਰਜਤ ਵਾਲੀ ਨੇ ਕਿਹਾ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਜੋ ਸੜਕ ਸ਼ਹਿਰ ਦੀਆਂ ਕਈ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਅਤੇ ਮਹੱਤਵਪੂਰਨ ਪ੍ਰਸ਼ਾਸਨਿਕ ਦਫ਼ਤਰਾਂ ਨੂੰ ਆਪਸ ਵਿਚ ਜੋੜਦੀ ਹੈ,ਅੱਜ ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ। ਪ੍ਰਸ਼ਾਸਨ ਦੀ ਇਸ ਬੇਰੁਖ਼ੀ ਕਾਰਨ ਸਥਾਨਿਕ ਵਸਨੀਕਾਂ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਨਰਕ ਵਰਗੀ ਜ਼ਿੰਦਗੀ ਜਿਊਣੀ ਪੈ ਰਹੀ ਹੈ। ਸਥਾਨਿਕ ਲੋਕਾਂ ਵਿਚ ਪ੍ਰਸ਼ਾਸਨ ਅਤੇ ਸਥਾਨਕ ਜਨ ਪ੍ਰਤਿਨਿਧੀਆਂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਾਲੋਨੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਕੋਈ ਆਮ ਸੜਕ ਨਹੀਂ, ਸਗੋਂ ਇਹ ਉਹੀ ਮਹੱਤਵਪੂਰਨ ਵੀ.ਆਈ.ਪੀ ਮਾਰਗ ਹੈ ਜੋ ਸ਼ਹਿਰ ਦੇ ਸਾਬਕਾ ਮੇਅਰ (ਜਿਨ੍ਹਾਂ ਨੇ ਪੰਜ ਸਾਲ ਤੱਕ ਨਗਰ ਨਿਗਮ ਦੀ ਕਮਾਨ ਸੰਭਾਲੀ), ਮੌਜੂਦਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਦੇ ਨਿਵਾਸ ਸਥਾਨਾਂ ਤੱਕ ਜਾਂਦਾ ਹੈ। ਇਸ ਤੋਂ ਇਲਾਵਾ ਇਸੇ ਮਾਰਗ ‘ਤੇ ਸ਼ਹਿਰ ਦੇ 2 ਤੋਂ 3 ਵੱਡੇ ਸਰਕਾਰੀ ਦਫ਼ਤਰ ਵੀ ਸਥਿਤ ਹਨ, ਜਿੱਥੇ ਹਰ ਰੋਜ਼ ਸੈਂਕੜੇ ਲੋਕ ਆਪਣੇ ਪ੍ਰਸ਼ਾਸਨਿਕ ਤੇ ਨਿੱਜੀ ਕੰਮਾਂ ਲਈ ਆਉਂਦੇ ਹਨ। ਇਸ ਦੇ ਬਾਵਜੂਦ ਇਸ ਮਾਰਗ ਦੀ ਮੁਰੰਮਤ ਜਾਂ ਮੁੜ ਨਿਰਮਾਣ ਨਾ ਹੋਣਾ ਪ੍ਰਸ਼ਾਸਨਿਕ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕਾਰੋਬਾਰੀ ਰਜਤ ਬਾਲੀ ਨੇ ਦੱਸਿਆ ਕਿ ਮੁੱਖ ਮਾਰਗ ਤੇ ਕਾਲੋਨੀ ਦੀਆਂ ਅੰਦਰੂਨੀ ਸੜਕਾਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਬਰਸਾਤ ਦੇ ਦਿਨਾਂ ਵਿਚ ਹਾਲਾਤ ਭਿਆਨਕ ਹੋ ਜਾਂਦੇ ਹਨ, ਜਦੋਂ ਟੋਇਆਂ ਨਾਲ ਭਰੀਆਂ ਸੜਕਾਂ ‘ਤੇ ਪਾਣੀ ਖੜ੍ਹਾ ਹੋ ਜਾਂਦਾ ਹੈ। ਸਰਕਾਰੀ ਦਫ਼ਤਰਾਂ ਵਿਚ ਆਉਣ ਵਾਲੇ ਬਜ਼ੁਰਗਾਂ, ਮਹਿਲਾਵਾਂ ਅਤੇ ਸਕੂਲੀ ਬੱਚਿਆਂ ਨੂੰ ਇਸ ਮਾਰਗ ਤੋਂ ਲੰਘਣ ਸਮੇਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਆਗੂ ਅੱਜ ਇਸ ਮਹੱਤਵਪੂਰਨ ਇਲਾਕੇ ਦੀ ਸਾਰ ਲੈਣ ਲਈ ਤਿਆਰ ਨਹੀਂ ਹਨ, ਜੇਕਰ ਜਲਦੀ ਹੀ ਇਸ ਵੀ.ਆਈ.ਪੀ ਮਾਰਗ ਦੀ ਹਾਲਤ ਵਿਚ ਸੁਧਾਰ ਨਾ ਕੀਤਾ ਗਿਆ ਅਤੇ ਬੁਨਿਆਦੀ ਸਹੂਲਤਾਂ ਬਹਾਲ ਨਾ ਕੀਤੀਆਂ ਤਾਂ ਸਥਾਨਕ ਲੋਕ ਪ੍ਰਸ਼ਾਸਨ ਖ਼ਿਲਾਫ਼ ਸੜਕਾਂ ‘ਤੇ ਉਤਰ ਕੇ ਤਿੱਖਾ ਰੋਸ ਪ੍ਰਦਰਸ਼ਨ ਅਤੇ ਅੰਦੋਲਨ ਕਰਨ ਲਈ ਮਜਬੂਰ ਹੋਣਗੇ।
ਪਿਛਲੀ ਖ਼ਬਰ ਪੁਲਿਸ ਅਤੇ ਬੀ.ਐਸ.ਐਫ ਨੇ ਸਰਹੱਦੀ ਇਲਾਕੇ ਵਿਚ ਸਾਂਝੇ ਤੌਰ ’ਤੇ ਤਲਾਸ਼ੀ ਮੁਹਿੰਮ ਚਲਾਈ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਔਰਤਾਂ ਦੇ ਸਸ਼ਕਤੀਕਰਨ ਵੱਲ ਵਧਦਾ ਇਕ ਕਦਮ : ਮਾਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।