ਪਠਾਨਕੋਟ, 2 ਜੂਨ (ਸੁਮਿਤ/ਵਿਨੋਦ)-ਹਿਮਾਚਲ ਪ੍ਰਦੇਸ਼ ਦੀ ਜੀਵਨ ਰੇਖਾ ਮੰਨੀ ਜਾਂਦੀ ਇਤਿਹਾਸਕ ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ ਦੇ ਯਾਤਰੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ | ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ 'ਤੇ 2 ਜੂਨ ਤੋਂ ਟਰੇਨਾਂ ਦੀ ਆਵਾਜਾਈ ਮੁੜ ਬਹਾਲ ਕਰ ਦਿੱਤੀ ਗਈ ਹੈ | ਇਹ ਸੇਵਾ ਪਿਛਲੇ 4 ਸਾਲਾਂ ਤੋਂ ਬੰਦ ਪਈ ਸੀ ਤੇ ਮੰਗਲਵਾਰ ਨੂੰ ਦੁਬਾਰਾ ਸ਼ੁਰੂ ਹੋ ਗਈ ਹੈ | ਲਗਭਗ 4 ਸਾਲ ਪਹਿਲਾਂ ਚੱਕੀ ਦਰਿਆ 'ਤੇ ਬਣਿਆ ਰੇਲ ਪੁਲ ਹੜ੍ਹ ਦੀ ਲਪੇਟ 'ਚ ਆ ਕੇ ਨੁਕਸਾਨ ਗ੍ਰਸਤ ਹੋ ਗਿਆ ਸੀ | ਜਿਸ ਕਾਰਨ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਟੁੱਟ ਗਿਆ ਸੀ | ਇਸ ਦੌਰਾਨ ਲੋਕਾਂ ਨੂੰ ਮਹਿੰਗੇ ਬੱਸ ਸਫ਼ਰ ਦਾ ਸਹਾਰਾ ਲੈਣਾ ਪੈਂਦਾ ਸੀ | ਹੁਣ ਰੇਲ ਸੇਵਾ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ | ਸੰਸ਼ੋਧਿਤ ਸਮਾਂ-ਸਾਰਣੀ ਅਨੁਸਾਰ ਟ੍ਰੇਨ ਨੰਬਰ 52465 ਸਵੇਰੇ 5 ਵਜੇ ਪਠਾਨਕੋਟ ਤੋਂ ਰਵਾਨਾ ਹੋ ਕੇ ਦੁਪਹਿਰ 12 ਵਜੇ ਬੈਜਨਾਥ-ਪਪ੍ਰੋਲਾ ਪਹੁੰਚੇਗੀ | ਟ੍ਰੇਨ ਨੰਬਰ 52467 ਸਵੇਰੇ 7 ਵਜੇ ਪਠਾਨਕੋਟ ਤੋਂ ਚੱਲ ਕੇ ਦੁਪਹਿਰ 1:40 ਵਜੇ ਬੈਜਨਾਥ-ਪਪ੍ਰੋਲਾ ਪਹੁੰਚੇਗੀ | ਵਾਪਸੀ 'ਚ ਟ੍ਰੇਨ ਨੰਬਰ 52470 ਦੁਪਹਿਰ 2:15 ਵਜੇ ਬੈਜਨਾਥ-ਪਪ੍ਰੋਲਾ ਤੋਂ ਚੱਲ ਕੇ ਰਾਤ 9:45 ਵਜੇ ਪਠਾਨਕੋਟ ਪਹੁੰਚੇਗੀ, ਜਦਕਿ ਟ੍ਰੇਨ ਨੰਬਰ 52474 ਦੁਪਹਿਰ 3:40 ਵਜੇ ਰਵਾਨਾ ਹੋ ਕੇ ਰਾਤ 10:50 ਵਜੇ ਪਠਾਨਕੋਟ ਪਹੁੰਚੇਗੀ | ਰੇਲ ਸੇਵਾ ਮੁੜ ਸ਼ੁਰੂ ਹੋਣ ਨਾਲ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਇਕ ਵਾਰ ਫਿਰ ਹਿਮਾਚਲ ਦੀਆਂ ਖ਼ੂਬਸੂਰਤ ਵਾਦੀਆਂ ਦਾ ਨਜ਼ਾਰਾ ਰੇਲ ਰਾਹੀਂ ਦੇਖਣ ਦਾ ਮੌਕਾ ਮਿਲੇਗਾ | ਯਾਤਰੀਆਂ ਦਾ ਕਹਿਣਾ ਹੈ ਕਿ ਪਿਛਲੇ 4 ਸਾਲਾਂ ਦੌਰਾਨ ਉਨ੍ਹਾਂ ਨੂੰ ਵੱਧ ਖ਼ਰਚ ਕਰਕੇ ਬੱਸਾਂ ਰਾਹੀਂ ਸਫ਼ਰ ਕਰਨਾ ਪੈਂਦਾ ਸੀ, ਪਰ ਹੁਣ ਘੱਟ ਖ਼ਰਚੇ 'ਚ ਸੁਵਿਧਾਜਨਕ ਰੇਲ ਯਾਤਰਾ ਕਰ ਸਕਣਗੇ | ਨਾਰਦਰਨ ਰੇਲਵੇ ਦੇ ਜੰਮੂ ਡਵੀਜ਼ਨ ਦੇ ਜਨਰਲ ਮੈਨੇਜਰ ਵਿਵੇਕ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਪੜ੍ਹਾਅ 'ਚ ਦੋ ਜੋੜੀਆਂ ਟਰੇਨਾਂ ਨਾਲ ਸੇਵਾ ਮੁੜ ਸ਼ੁਰੂ ਕੀਤੀ ਗਈ ਹੈ ਤੇ ਸਾਰੇ ਲਾਜ਼ਮੀ ਨਿਰੀਖਣ ਪੂਰੇ ਕਰ ਲਏ ਗਏ ਹਨ | ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਰੋਜ਼ਾਨਾ ਯਾਤਰੀਆਂ ਨੂੰ ਲਾਭ ਮਿਲੇਗਾ ਤੇ ਕਾਂਗੜਾ ਵੈਲੀ 'ਚ ਸੈਰ-ਸਪਾਟੇ ਨੂੰ ਵੀ ਵੱਡਾ ਉਤਸ਼ਾਹ ਮਿਲੇਗਾ |