ਗੁਰਦਾਸਪੁਰ, 2 ਜੂਨ (ਅਸ਼ੋਕ ਸ਼ਰਮਾ)-ਬੇਟ ਇਲਾਕੇ ਅੰਦਰ ਕਈ ਦਹਾਕਿਆਂ ਤੋਂ ਗੱਦੀ ਨਾਲਾ ਵੱਗ ਰਿਹਾ ਹੈ, ਜਿਸ ਦੀ ਲੰਬਾਈ 20 ਕਿੱਲੋਮੀਟਰ ਤੋਂ ਵਧੇਰੇ ਹੈ | ਇਹ ਨਾਲਾ ਦਰਿਆ ਬਿਆਸ ਨੇੜੇ ਭੈਣੀ ਮੀਲਮਾਂ 'ਚ ਪੈਂਦਾ ਹੈ, ਜਿਸ 'ਚ ਸੰਘਣੀ ਜੜੀ ਬੂਟੀ ਹੋਣ ਕਾਰਨ ਇਸ ਦਾ ਕੁਝ ਹਿੱਸਾ ਦਰਿਆ ਦਾ ਰੂਪ ਧਾਰਨ ਕਰ ਚੁੱਕਾ ਹੈ | ਜਦੋਂ ਕਿ ਇਸ ਨਾਲੇ ਕੰਢੇ ਹਜ਼ਾਰਾਂ ਏਕੜ ਜ਼ਮੀਨ ਹੈ ਜੋ ਬਰਸਾਤਾਂ ਦੇ ਦਿਨਾਂ ਵਿਚ ਸੇਮ ਦਾ ਪਾਣੀ ਫਿਰਨ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰਦਾ ਹੈ | ਇਸ ਸਬੰਧੀ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਤੇ ਸ਼ੋ੍ਰਮਣੀ ਅਕਾਲੀ ਦਲ ਮੀਤ ਪ੍ਰਧਾਨ ਪੰਜਾਬ ਕਮਲਜੀਤ ਚਾਵਲਾ ਨੇ ਕਿਹਾ ਕਿ ਗੱਦੇ ਨਾਲੇ ਦੀ ਸਫ਼ਾਈ ਲਈ ਸਰਕਾਰ ਨੰੂ ਪੱਤਰ ਵਿਵਹਾਰ ਵੀ ਕੀਤੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੰੂ ਵੀ ਮੰਗ ਪੱਤਰ ਦਿੱਤੇ | ਪਰ ਉਹ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੇ | ਜਿਸ ਕਾਰਨ ਕਿਸਾਨਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ ਗੱਦੀ ਨਾਲੇ ਦੀ ਸਫ਼ਾਈ ਲਈ ਮਰਹੂਮ ਕੇਂਦਰੀ ਮੰਤਰੀ ਸੁਖਦੇਵ ਕੌਰ ਭਿੰਡਰ ਨੇ ਆਪਣੇ ਕਾਰਜਕਾਲ ਸਮੇਂ 40 ਲੱਖ ਰੁਪਏ ਡਰੇਨੇਜ਼ ਵਿਭਾਗ ਨੰੂ ਭੇਜੇ ਸਨ | ਉਹ ਰਕਮ ਸਮੇਂ ਸਿਰ ਨਾ ਖ਼ਰਚਣ 'ਤੇ ਰਕਮ ਦੁਬਾਰਾ ਵਾਪਸ ਚੱਲੇਗੀ | ਉਸ ਤੋਂ ਬਾਅਦ ਕਿਸੇ ਵੀ ਵਿਧਾਇਕ, ਮੰਤਰੀ ਜਾਂ ਹਲਕਾ ਇੰਚਾਰਜ ਨੇ ਕੋਈ ਗ਼ੌਰ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਨਾਲੇ ਵਿਚ ਪਾਣੀ ਆਉਣ ਨਾਲ ਇਲਾਕੇ ਅੰਦਰ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਹੈ ਤੇ ਕਈ ਲੋਕਾਂ ਦਾ ਆਪਸੀ ਸੰਪਰਕ ਵੀ ਟੁੱਟ ਜਾਂਦਾ ਹੈ | ਜਿਸ ਨਾਲ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ ਤੇ ਕਿਸਾਨਾਂ ਦਾ ਲੱਖਾਂ ਰੁਪਏ ਬਰਬਾਦ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਡਰੇਨੇਜ਼ ਵਿਭਾਗ ਨਾਲੇ ਦੀ ਸਮੇਂ ਸਿਰ ਸਫ਼ਾਈ ਤੇ ਡੂੰਘਾਈ ਕਰਵਾਉਂਦਾ ਹੈ ਤਾਂ ਸੈਂਕੜੇ ਕਿਸਾਨਾਂ ਨੰੂ ਇਸ ਦਾ ਲਾਭ ਹੋਵੇਗੀ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਬੇਟ ਇਲਾਕੇ ਅੰਦਰ ਗੁਜ਼ਰਦੇ ਗੱਦੀ ਨਾਲੇ ਦੀ ਸਫ਼ਾਈ ਤੇ ਡੰੂਘਾਈ ਕਰਕੇ ਇਸ ਦੇ ਘੇਰੇ ਵਿਚ ਆਉਂਦੀ ਸਰਕਾਰੀ ਜ਼ਮੀਨ ਨੰੂ ਬਚਾਉਣ ਲਈ ਡਿਪਟੀ ਕਮਿਸ਼ਨਰ ਨੰੂ ਸਖਤ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਹੋ ਸਕੇ |